ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰੀ ਦਫਤਰਾਂ ਦਾ ਕੰਮਕਾਜ ਸੁਰੱਖਿਅਤ ਢੰਗ ਨਾਲ ਚਲਾਉਣ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਅਤੇ ਪ੍ਰੋਟੋਕੌਲ ਜਾਰੀ ਕੀਤੇ ਹਨ। ਮੁਲਾਜ਼ਮਾਂ ਦੀ ਸਿਹਤ 'ਤੇ ਨਿਯਮਤ ਨਿਗਰਾਨੀ ਰੱਖਣ ਲਈ ਹਰੇਕ ਵਿਭਾਗ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਦਫ਼ਤਰਾਂ 'ਚ ਕਰਮਚਾਰੀਆਂ ਦਰਮਿਆਨ ਘੱਟੋ ਘੱਟ ਦੋ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਦਫਤਰਾਂ ਵਿੱਚ ਬੈਠਣ ਦੇ ਪ੍ਰਬੰਧ ਕੀਤੇ ਜਾਣ ਅਤੇ ਨੋਡਲ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਦਫਤਰ ਦੇ ਮੁਖੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਉਹ ਕਰਮਚਾਰੀ ਜੋ ਕੋਵਿਡ-19 ਲਈ ਪੌਜ਼ੀਟਿਵ ਪਾਏ ਜਾਣ ਕਰਕੇ ਜਾਂ ਉਨ੍ਹਾਂ ਦੀ ਰਹਾਇਸ਼ ਕੰਟੇਨਮੈਂਟ ਜ਼ੋਨ ਜਾਂ ਬਫ਼ਰ ਜ਼ੋਨ ਵਿੱਚ ਹੋਣ ਕਰਕੇ ਦਫ਼ਤਰ ਨਹੀਂ ਜਾ ਸਕਦੇ, ਉਨ੍ਹਾਂ ਨੂੰ ਸਿਵਲ ਸਰਵਿਸ ਰੂਲਜ਼ ਦੀਆਂ ਧਾਰਾਵਾਂ ਅਧੀਨ ਵੱਧ ਤੋਂ ਵੱਧ 30 ਦਿਨ ਦੀ ਕੁਆਰੰਟੀਨ ਲੀਵ (ਛੁੱਟੀ) ਦਿੱਤੀ ਜਾਵੇਗੀ। ਜੇ ਕੋਈ ਕਰਮਚਾਰੀ ਫਿਰ ਵੀ ਅਜਿਹੇ ਕਾਰਨਾਂ ਜੋ ਉਸਦੇ ਕੰਟਰੋਲ ਤੋਂ ਬਾਹਰ ਹਨ, ਕਰਕੇ ਕੁਆਰੰਟੀਨ ਲੀਵ ਦੇ 30 ਦਿਨਾਂ ਬਾਅਦ ਵੀ ਦਫ਼ਤਰ ਹਾਜ਼ਰ ਨਹੀਂ ਹੋ ਸਕਦਾ ਤਾਂ ਉਸ ਨੂੰ ਸਧਾਰਨ (ਆਰਡੇਨਰੀ) ਛੁੱਟੀ ਦਿੱਤੀ ਜਾਏਗੀ।
ਦਫ਼ਤਰ ਦਾ ਮੁਖੀ ਕਿਸੇ ਵੀ ਵਿਸ਼ੇਸ਼ ਦਿਨ ਦਫ਼ਤਰ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਰੱਖੇਗਾ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਅਤੇ ਭੌਤਿਕ ਪੱਤਰ/ਨੋਟਿਸ/ਮੈਮੋ ਰਾਹੀਂ ਸੂਚਨਾਵਾਂ ਦੇ ਸੰਚਾਰ ਤੋਂ ਪਰਹੇਜ਼ ਕੀਤਾ ਜਾਵੇ। ਜਿੱਥੋਂ ਤੱਕ ਹੋ ਸਕੇ ਸਾਰਾ ਦਫਤਰੀ ਕੰਮ ਈ-ਆਫ਼ਿਸ, ਸਰਕਾਰੀ ਈਮੇਲਾਂ, ਟੈਲੀਫੋਨ, ਐਸ.ਐਮ.ਐਸ, ਵਟਸਐਪ, ਪੀ.ਬੀ.ਜੀ.ਆਰ.ਏ.ਐਮ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੀਆਂ ਸਰਕਾਰੀ ਮੀਟਿੰਗਾਂ ਜਿੱਥੋਂ ਤੱਕ ਸੰਭਵ ਹੋਵੇ ਵੀਡੀਓ ਕਾਨਫਰੰਸ ਰਾਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (ਬੀ.ਏ.ਐੱਸ.) ਦੀ ਵਰਤੋਂ ਆਰਜ਼ੀ ਤੌਰ 'ਤੇ ਬੰਦ ਰਹੇਗੀ।
ਤੇਜ਼ ਬੁਖ਼ਾਰ ਤੋਂ ਪੀੜਤ ਕਰਮਚਾਰੀਆਂ ਅਤੇ ਆਉਣ ਵਾਲੇ ਹੋਰ ਵਿਅਕਤੀਆਂ ਦੀ ਸਕਰੀਨਿੰਗ ਲਈ ਦਫਤਰ ਦੇ ਪ੍ਰਵੇਸ਼ ਦੁਆਰ 'ਤੇ ਥਰਮਲ ਸਕੈਨਰ ਲਗਾਏ ਜਾਣੇ ਚਾਹੀਦੇ ਹਨ।ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਦਫਤਰ ਵਿੱਚ ਕਿਸੇ ਕਰਮਚਾਰੀ ਨੂੰ ਤੇਜ਼ ਬੁਖ਼ਾਰ ਹੈ ਜਾਂ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਕਤ ਕਰਮਚਾਰੀ ਨੂੰ ਅਸਥਾਈ ਤੌਰ 'ਤੇ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਸਟਾਫ਼ ਲਈ ਦਫ਼ਤਰ ਦੇ ਪ੍ਰਵੇਸ਼ ਦੁਆਰ 'ਤੇ ਅਲਕੋਹਲ-ਅਧਾਰਤ ਸੈਨੀਟਾਈਜ਼ਰ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਦਫ਼ਤਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ। ਇੱਕ ਦੂਜੇ ਨੂੰ ਮਿਲਣ ਜਾਂ ਅਲਵਿਦਾ ਕਹਿਣ ਸਮੇਂ ਹੱਥ ਮਿਲਾਉਣ ਜਾਂ ਗਲੇ ਮਿਲਣ ਤੋਂ ਪਰਹੇਜ਼ ਕੀਤਾ ਜਾਵੇ। ਕਰਮਚਾਰੀਆਂ ਨੂੰ ਦਫਤਰ ਵਿੱਚ ਬੇਲੋੜਾ ਘੁੰਮਣਾ ਤੋਂ ਮਨਾਹੀ ਕਰ ਆਪਣੀ ਨਿਰਧਾਰਤ ਥਾਂ ਤੇ ਹੀ ਕੰਮ ਕਰਨ ਦੇ ਹੁਕਮ ਜਾਰੀ ਹੋਏ ਹਨ।
ਕਰਮਚਾਰੀਆਂ ਨੂੰ ਚਮੜੇ ਦੇ ਪਰਸ ਅਤੇ ਹੈਂਡਬੈਗ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਵਧੇਰੇ ਲੋੜ ਪੈਣ ਤੇ ਛੋਟਾ ਬੈਗ ਲੈਣ ਅਤੇ ਘਰ ਵਾਪਸ ਆਉਣ ਤੇ ਬੈਗ ਨੂੰ ਕੀਟਾਣੂਨਾਸ਼ਕ ਕਿਤੇ ਜਾਣ ਦੀ ਸਲਾਹ ਦਿੱਤੀ ਹੈ।
ਜੇ ਕੋਈ ਕਰਮਚਾਰੀ ਬੁਖ਼ਾਰ ਜਾਂ ਕੋਵਿਡ -19 ਦੇ ਹੋਰ ਲੱਛਣਾਂ ਜਿਵੇਂ (ਖਾਂਸੀ / ਛਿੱਕ / ਸਾਹ ਲੈਣ ਵਿੱਚ ਤਕਲੀਫ) ਨਾਲ ਪੀੜਤ ਹੈ ਤਾਂ ਕਰਮਚਾਰੀ ਨੂੰ ਸਵੈ -ਇੱਛਾ ਨਾਲ ਦਫਤਰ ਦੇ ਮੁਖੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਘਰ ਰਹਿਣਾ ਚਾਹੀਦਾ ਹੈ। ਕੋਵਿਡ -19 ਦਾ ਸਮੇਂ ਸਿਰ ਪਤਾ ਲਗਾਉਣ ਅਤੇ ਇਲਾਜ ਲਈ ਡਾਕਟਰੀ ਸਲਾਹ ਵੀ ਲੈਣੀ ਚਾਹੀਦੀ ਹੈ ।
ਜੇਕਰ ਕੋਵਿਡ-19 ਤੋਂ ਪੀੜਤ ਕੋਈ ਕਰਮਚਾਰੀ ਦਫ਼ਤਰ ਵਿਚ ਹਾਜ਼ਰ ਹੋਇਆ ਹੈ ਤਾਂ ਦਫਤਰ ਦੇ ਮੁਖੀ ਨੂੰ ਉਸ ਕਰਮਚਾਰੀ ਦੀ ਦਫ਼ਤਰ ਹਾਜ਼ਰੀ ਦੌਰਾਨ ਸੰਪਰਕ ਵਿਚ ਆਏ ਹੋਰਨਾਂ ਕਰਮਚਾਰੀਆਂ ਸੰਬੰਧੀ ਵੇਰਵਿਆਂ ਸਣੇ ਤੁਰੰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਨੂੰ ਸੂਚਿਤ ਕਰਨਾ ਚਾਹੀਦਾ ਹੈ।