ਮੁਹਾਲੀ: ਪਿਛਲੇ ਦਿਨੀਂ ਬਟਾਲਾ ਫ਼ੈਕਟਰੀ 'ਚ ਵਾਪਰੇ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਰਿਹਾਇਸ਼ੀ ਖ਼ੇਤਰਾਂ 'ਚ ਚਲ ਰਹੀਆਂ ਪਟਾਕਾ ਫੈਕਟਰੀਆਂ 'ਤੇ ਲਗਾਮ ਲਗਾਈ ਜਾਵੇ। ਸ਼ਹਿਰਾਂ ਦੇ ਅੰਦਰ ਆਤਿਸ਼ਬਾਜ਼ੀ ਲਈ ਇਸਤੇਮਾਲ ਕੀਤੇ ਜਾਂਦੇ ਗੁਦਾਮਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਸਨ।
ਐੱਸਡੀਐੱਮ ਜਗਦੀਪ ਸਹਿਗਲ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਹੁੱਕਮਾਂ ਮੁਤਾਬਕ ਦੁਕਾਨਦਾਰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲਾਇਸੈਂਸ ਦੇ ਰਾਹੀਂ ਪਟਾਕੇ ਵੇਚਣ ਦੀ ਮਨਜ਼ੂਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਇਸੈਂਸ ਜਿਸ ਜਗ੍ਹਾਂ ਦਾ ਹੋਵੇਗਾ, ਉਸੇ ਥਾਂ 'ਤੇ ਹੀ ਆਤਿਸ਼ਬਾਜ਼ੀ ਦਾ ਸਮਾਨ ਇਕੱਠਾ ਰੱਖਿਆ ਜਾ ਸਕਦਾ ਹੈ।
ਸਹਿਗਲ ਨੇ ਕਿਹਾ ਕਿ ਬਿਨ੍ਹਾਂ ਲਾਇਸੈਂਸ ਦੇ ਕੋਈ ਵੀ ਆਤਿਸ਼ਬਾਜ਼ੀ ਦਾ ਸਮਾਨ ਨਹੀਂ ਵੇਚ ਸਕਦਾ। ਪ੍ਰਸ਼ਾਸਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਦਾਰ ਕੋਲ ਲਾਇਸੈਂਸ ਤੋਂ ਜ਼ਿਆਦਾ ਆਤਿਸ਼ਬਾਜ਼ੀ ਦਾ ਸਮਾਨ ਮਿਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਕੇਂਦਰ ਸਰਕਾਰ ਦਾ ਵੱਡਾ ਐਲਾਨ, ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ’ਚ ਕੀਤੀ ਤਬਦੀਲ
ਮੁਹਾਲੀ ਦੇ ਡਿਪਟੀ ਕਮਿਸ਼ਨਰ ਮੁਤਾਬਕ ਸ਼ਹਿਰ 'ਚ ਆਤਿਸ਼ਬਾਜ਼ੀ ਦਾ ਥੋਕ ਵਪਾਰ ਕਰਨ ਵਾਲੇ ਸਿਰਫ਼ ਅੱਠ ਦੁਕਾਨਦਾਰਾਂ ਕੋਲ ਹੀ ਲਾਇਸੈਂਸ ਹਨ। ਇਨ੍ਹਾਂ ਦੁਕਾਨਦਾਰਾਂ ਨੂੰ ਜਾਰੀ ਕੀਤੇ ਲਾਇਸੈਂਸ ਮੁਤਾਬਕ ਕਾਰੋਬਾਰੀ 300 ਤੋਂ 350 ਕਿਲੋਗ੍ਰਾਮ ਤੱਕ ਹੀ ਆਤਿਸਬਾਜ਼ੀ ਦਾ ਸਮਾਨ ਗੁਦਾਮਾਂ 'ਚ ਰੱਖ ਸਕਦੇ ਹਨ।
ਹਿਦਾਇਤਾਂ ਜਾਰੀ ਹੋਣ ਦੇ 15 ਤੋਂ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਕਿਸੇ ਟੀਮ ਵੱਲੋਂ ਕੋਈ ਵੀ ਦੌਰਾ ਨਹੀਂ ਕੀਤਾ ਗਿਆ। ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇ ਤਾਂ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਹਰ ਸਾਲ ਦੀ ਤਰ੍ਹਾਂ ਇੱਕ ਕਾਗਜ਼ੀ ਫੁਰਮਾਣ ਹੀ ਸਾਬਿਤ ਹੋ ਰਹਿਆਂ ਹਨ।
ਜਿਓਂ-ਜਿਓਂ ਦੀਵਾਲੀ ਨੇੜੇ ਆ ਰਹੀ ਹੈ ਤਿਓਂ-ਤਿਓਂ ਸ਼ਹਿਰ 'ਚ ਆਤਿਸ਼ਬਾਜ਼ੀ ਦੇ ਥੋਕ ਵਪਾਰੀਆਂ ਵੱਲੋਂ ਕਾਨੂੰਨ ਦੀਆਂ ਧੰਜਿਆਂ ਉਡਾਇਆਂ ਜਾ ਰਹਿਆਂ ਹਨ। ਵਪਾਰੀ ਦੁਕਾਨਾਂ ਅਤੇ ਗੁਦਾਮਾਂ 'ਚ ਟਨਾਂ ਦੇ ਹਿਸਾਬ ਨਾਲ ਰਿਹਾਇਸ਼ੀ ਖ਼ੇਤਰ ਅੰਦਰ ਆਤਿਸ਼ਬਾਜ਼ੀ ਦਾ ਸਮਾਨ ਜਮ੍ਹਾਂ ਕਰ ਰਹੇ ਹਨ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ।