ਚੰਡੀਗੜ੍ਹ: ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਉਸ ਦਾ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ 30 ਨਵੰਬਰ ਤੱਕ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਨੇ ਬੀਤੀ ਰਾਤ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਈ ਅਰਮੇਨੀਆ ਤੋਂ ਸਫ਼ਲਤਾਪੂਰਵਕ ਹਵਾਲਗੀ ਪ੍ਰਾਪਤ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਅੱਜ ਦਿੱਲੀ ਹਵਾਈ ਅੱਡੇ ਉੱਤੋਂ ਗ੍ਰਿਫ਼ਤਾਰ ਕੀਤਾ ਗਿਆ।
ਦੱਸਣਯੋਗ ਹੈ ਕਿ ਦਵਿੰਦਰ ਬੰਬੀਹਾ ਗਰੋਹ ਦਾ ਸਵੈ-ਘੋਸ਼ਿਤ ਮੁਖੀ ਬੁੱਢਾ ਕਤਲ, ਕਤਲ ਦੀ ਕੋਸ਼ਿਸ਼, ਜਬਰ ਜਨਾਹ, ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਆਦਿ ਦੇ 15 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਿਹਾ ਸੀ, ਉਹ ਵੀ ਹਾਲ ਹੀ ਵਿਚ ਆਪਣੇ ਖਾਲਿਸਤਾਨ ਪੱਖੀ ਤੱਤਾਂ ਨਾਲ ਸੰਪਰਕਾਂ ਲਈ ਨੋਟਿਸ ਆਇਆ ਸੀ।
ਬੁੱਢਾ ਨੂੰ ਸਾਲ 2011 ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਐਲਾਨਿਆ ਸੀ, ਪਰ ਉਹ 2016 ਵਿੱਚ ਪੈਰੋਲ ਤੋਂ ਛਾਲ ਮਾਰ ਗਿਆ ਸੀ ਅਤੇ ਉਸ ਨੂੰ ਭਗੌੜਾ ਗਰਦਾਨਿਆ ਗਿਆ ਸੀ। ਪੰਜਾਬ ਵਿੱਚ ਵੱਖ-ਵੱਖ ਅਪਰਾਧਿਕ, ਜਬਰ ਜਨਾਹ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਲਈ ਜ਼ਿੰਮੇਵਾਰ ਬੁੱਢਾ ਖ਼ਿਲਾਫ਼ ਵੀ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਉਸ ਨੇ ਜੇਲ੍ਹ ਵਿੱਚ ਹੋਏ ਮਹਿੰਦਰ ਪਾਲ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਉੱਪਰ ਲਈ ਸੀ ਜਿਸ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਅਰਮਾਨੀਆ ਪੁਲਿਸ ਨਾਲ ਤਾਲਮੇਲ ਬਣਾਏ ਗਏ ਅਤੇ ਉਸ ਨੂੰ ਭਾਰਤ ਲਿਆਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ। ਅੱਜ ਤੜਕੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ। ਉਸ ਨੂੰ ਅੱਜ ਸਿਵਲ ਜੱਜ ਹਰਜਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ 30 ਨਵੰਬਰ ਤੱਕ ਪੁਲੀਸ ਰਿਮਾਂਡ ਮਿਲ ਗਿਆ ਹੈ।