ਚੰਡਾਗੜ੍ਹ: ਕਿਸੇ ਵੀ ਕਿਲ੍ਹੇ ਦੀ ਉਸਾਰੀ ਲਈ ਤੋਪਖਾਨਿਆਂ ਅਤੇ ਲੋਕਾਂ ਦੀ ਰੱਖਿਆ ਕਰਨਾ ਮੁੱਖ ਨੁਕਤੇ ਸਨ ਅਤੇ ਸ਼ਾਸਕਾਂ ਨੇ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਕਿਲ੍ਹਿਆਂ ਨੂੰ ਬਹੁਤ ਖੂਬਸੂਰਤੀ ਨਾਲ ਵਿਕਸਿਤ ਕੀਤਾ ਸੀ। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਵੈਨਯੂ-ਬੀ ਵਿੱਚ ਮਿਡੀਵਲ ਮਿਲਟਰੀ ਆਰਕੀਟੈਕਚਰ- ਫੋਰਸਟ ਆਫ਼ ਇੰਡੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਲ ਵਿੱਚ ਦੇਸ਼ ਦੇ ਇਤਿਹਾਸ ਅਤੇ ਵਿਕਾਸ ਵਿੱਚ ਕਿਲ੍ਹਿਆਂ ਦੀ ਭੂਮਿਕਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੰਨਿਆ ਗਿਆ ਕਿ ਇਹਨਾਂ ਕਿਲ੍ਹਿਆਂ ਦੀ ਸਾਡੇ ਵਰਤਮਾਨ ਜੀਵਨ ਵਿੱਚ ਬਹੁਤ ਖ਼ਾਸ ਭੂਮਿਕਾ ਹੈ। ਲੋਕਾਂ ਨੂੰ ਕੁੰਭਲਗੜ੍ਹ ਕਿਲ੍ਹੇ ਅਤੇ ਦੌਲਤਾਬਾਦ ਕਿਲ੍ਹੇ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਣ ਲਈ ਵਿਚਾਰ ਵਟਾਂਦਰੇ ਦੌਰਾਨ ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਪ੍ਰਸਿੱਧ ਇਤਿਹਾਸਕਾਰ ਅਮਿਤਾ ਬੇਗ ਨੇ ਕਿਲ੍ਹੇ ਦੀ ਉਸਾਰੀ ਵਿਚ ਕੁਦਰਤ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਭਾਰਤ ਵਿਚ ਕਿਲ੍ਹੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਸਨ ਜੋ ਅੱਜ ਦੀ ਵਾਸਤੂ ਕਲਾ ਵਿੱਚ ਨਜ਼ਰ ਨਹੀਂ ਆਉਂਦਾ। ਉਹਨਾਂ ਅੱਗੇ ਕਿਹਾ ਕਿ ਕਿਲ੍ਹਿਆਂ ਦੀ ਉਸਾਰੀ ਲਈ ਮੱਧਕਾਲੀਨ ਯੁੱਗ ਦੀਆਂ ਤਕਨੀਕਾਂ ਨੂੰ ਫੌਜੀ ਅਤੇ ਸਿਵਲ ਇੰਜੀਨੀਅਰਿੰਗ ਦੋਵਾਂ ਨਾਲ ਜੋੜਿਆ ਗਿਆ ਸੀ ਕਿਉਂਕਿ ਸਾਰੇ ਕੁਦਰਤੀ ਕਾਰਕ ਕਿਲ੍ਹੇ ਦੀ ਰੱਖਿਆ ਲਈ ਵਰਤੇ ਜਾਂਦੇ ਸਨ।
ਸ੍ਰੀਮਤੀ ਬੇਗ ਨੇ ਕਿਲ੍ਹਿਆਂ ਦੀ ਉਸਾਰੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੇ ਹੋਣ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜਦੋਂ ਕਿਲ੍ਹਾ ਮੁਬਾਰਕ ਵਿੱਚ ਨਵੀਨੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਸਥਾਨਕ ਲੋਕਾਂ ਨੇ ਟੀਮ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਪਹੁੰਚ ਬਾਬਾ ਆਲਾ ਸਿੰਘ ਦੀ 'ਜੋਤ' ਤੱਕ ਕਰ ਦੇਣ।
ਪ੍ਰੋਫੈਸਰ ਪੁਸ਼ਪੇਸ਼ ਪੰਤ ਨੇ ਕਿਹਾ ਕਿ ਸਭ ਤੋਂ ਪਹਿਲਾਂ ਭਾਰਤੀ ਕਿਲ੍ਹੇ ਦਾ ਨਿਰਮਾਣ 2000 ਈਸਾ ਪੂਰਵ ਵਿਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਇਹ ਕਿਲ੍ਹੇ ਬਣਾਏ ਗਏ ਹਨ, ਉਹਨਾਂ ਖੇਤਰਾਂ ਦੀ ਆਪਣੀ ਵਿਸ਼ੇਸ਼ ਖਾਸੀਅਤ ਹੈ ਜਿਸ ਵਿੱਚ ਮੁਸ਼ਕਲ ਸਮੇਂ ਵਿੱਚ ਸੁਰੱਖਿਅਤ ਜਗ੍ਹਾ, ਦੂਰ ਦ੍ਰਿਸ਼ਟੀ, ਯੁੱਧ ਰੱਖਿਆ ਵਿਧੀ, ਪਾਣੀ ਦੀ ਉਪਲਬਧਤਾ ਅਤੇ ਜ਼ਮੀਨ ਦੀ ਵਰਤੋਂ ਕਰਨਾ ਸ਼ਾਮਲ ਸੀ।
ਇਸ ਦੌਰਾਨ ਲੈਫਟੀਨੈਂਟ ਜਨਰਲ ਡੀ.ਡੀ.ਐਸ. ਸੰਧੂ ਨੇ ਸੈਨਿਕ ਦ੍ਰਿਸ਼ਟੀਕੋਣ ਤੋਂ ਕਿਲਿ•ਆਂ ਦੇ ਡਿਜ਼ਾਇਨ ਬਾਰੇ ਵਿਸਥਾਰ ਨਾਲ ਦੱਸਿਆ ਕਿ ਜ਼ਿਆਦਾਤਰ ਉੱਤਰੀ ਕਿਲ੍ਹੇ ਮੀਂਹ ਦੇ ਪ੍ਰਭਾਵ ਤੋਂ ਬਚਣ ਲਈ ਉੱਤਰ ਦਿਸ਼ਾ ਵੱਲ ਬਣਾਏ ਹੋਏ ਸਨ। ਉਹਨਾਂ ਅੱਗੇ ਕਿਹਾ ਕਿ ਸ਼ਾਸਕ ਮਜ਼ਬੂਤ ਨੀਂਹ ਬਣਾਉਣ ਲਈ ਲਾਸ਼ਾਂ ਦੀ ਵਰਤੋਂ ਵੀ ਕਰਦੇ ਸਨ, ਖਿਲਜੀ ਨੇ ਵੀ ਸਿਰੀ ਦੇ ਕਿਲ੍ਹੇ ਦੇ ਹੇਠਾਂ 8,000 ਸਿਰ ਦੱਬੇ ਸਨ।
ਥੀਏਟਰ ਕਲਾਕਾਰ ਜੀ ਐਸ ਚੰਨੀ ਨੇ ਇਨ੍ਹਾਂ ਕਿਲ੍ਹਿਆਂ ਵਿਚ ਸਾਂਭੇ ਹੋਏ ਭਾਰਤ ਦੇ ਸਭਿਆਚਾਰ ਅਤੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਹਨਾਂ ਅੱਗੇ ਕਿਹਾ ਕਿ ਕੁੰਭਲਗੜ੍ਹ ਕਿਲ੍ਹੇ ਦੀਆਂ ਕੰਧਾਂ ਇੰਨੀਆਂ ਵੱਡੀਆਂ ਸਨ ਕਿ ਇਹਨਾਂ ਨੂੰ ਚੀਨ ਦੀ ਮਹਾਨ ਦੀਵਾਰ ਤੋਂ ਬਾਅਦ ਦੂਜੇ ਸਥਾਨ 'ਤੇ ਸਮਝਿਆ ਜਾਂਦਾ ਹੈ।