ਚੰਡੀਗੜ੍ਹ: ਭਾਰਤ-ਪਾਕਿ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜਦੋਂ ਦਾ ਭਾਰਤ ਨੇ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੀ ਹੈ, ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਨਵੇਂ ਦਾਅ ਖੇਡ ਰਿਹਾ ਹੈ। ਅਜਿਹਾ ਹੀ ਕੁੱਝ ਪਾਕਿ ਸਰਕਾਰ ਨੇ ਮੁੜ ਵਿਖਾਇਆ ਹੈ। ਪਾਕਿ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਦਾ ਨਾ ਭੇਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਰਸਮੀ ਤੌਰ 'ਤੇ ਸੱਦਾ ਭੇਜਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਰਸਮੀ ਸੱਦਾ ਦੇ ਰਹੇ ਹਨ।
ਪਾਕਿ ਸਰਕਾਰ ਦਾ ਡਾ. ਮਨਮੋਹਨ ਸਿੰਘ ਨੂੰ ਉਦਘਾਟਨ ਸਮਾਰੋਹ ਵਿੱਚ ਸਾਮਿਲ ਹੋਣ ਦਾ ਸੱਦਾ
ਕੁਰੈਸ਼ੀ ਨੇ ਕਿਹਾ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਦਘਾਟਨ ਸਮਾਰੋਹ ਨੂੰ ਵੱਡੇ ਪੱਧਰ ‘ਤੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ਲਈ ਵੱਡੀਆਂ ਤਿਆਰੀਆਂ ਕਰ ਰਹੇ ਹਾਂ।
“ਅਸੀਂ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਦੇਣ ਦਾ ਫ਼ੈਸਲਾ ਕੀਤਾ ਹੈ। ਡਾ.ਮਨਮੋਹਨ ਸਿੰਘ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦੇ ਹਨ। ਕੁਰੈਸ਼ੀ ਨੇ ਕਿਹਾ, ''ਪਾਕਿਸਤਾਨ ਸਰਕਾਰ ਵੱਲੋਂ ਮੈਂ ਉਨ੍ਹਾਂ ਨੂੰ ਸਾਡਾ ਇਹ ਸੱਦਾ ਭੇਜਦਾ ਹਾਂ।
ਕੁਰੈਸ਼ੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਸਿੱਖ ਸ਼ਰਧਾਲੂ ਕਰਤਾਰਪੁਰ ਆਉਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ।
.
ਕੀ ਇਸ ਸੱਦੇ ਨੂੰ ਸਵੀਕਾਰ ਕਰਨਗੇ ਡਾ. ਮਨਮੋਹਨ ਸਿੰਘ ?
ਹੁਣ ਸਵਾਲ ਇਹ ਉੱਠਦਾ ਹੈ ਕਿ ਪਾਕਿ ਸਰਕਾਰ ਦਾ ਇਹ ਸੱਦਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਮਨਜ਼ੂਰ ਕੀਤਾ ਜਾਂਦਾ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਦੋਵਾਂ ਮੁਲਕਾਂ ਵੱਲੋਂ ਲਾਂਘੇ ਦੇ ਕੰਮ ਨੂੰ ਪੂਰਾ ਕਰਨ ਲਈ ਜ਼ੋਰਾਂ-ਸ਼ੋਰਾਂ ਨਾਲ ਨਿਰਮਾਣ ਕਾਰਜ ਚੱਲ ਰਿਹਾ ਹੈ। ਜਲਦ ਹੀ ਇਹ ਕਾਰਜ ਪੂਰਾ ਕਰ ਦਿੱਤਾ ਜਾਵੇਗਾ, 'ਤੇ ਸ਼ਰਧਾਲੂਆਂ ਲਈ ਇਹ ਲਾਂਘਾ 9 ਨਵੰਬਰ ਤੋਂ ਖੋਲ੍ਹ ਦਿੱਤਾ ਜਾਵੇਗਾ।