ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ 29 ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋ ਗਈਆਂ ਹਨ। ਕਿਸਾਨ ਲੀਡਰਾਂ ਦਾ 7 ਮੈਂਬਰੀ ਵਫਦ ਬੁੱਧਵਾਰ ਨੂੰ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਨਾਲ ਮੁਲਾਕਾਤ ਲਈ ਦਿੱਲੀ ਜਾਵੇਗਾ।
ਇਹ ਫੈਸਲਾ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਹੋਈ 29 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਸਕੱਤਰ ਨਾਲ ਗੱਲ ਕਰਨ ਲਈ ਆਪਣਾ ਖਰੜਾ ਤਿਆਰ ਕਰ ਲਿਆ ਹੈ ਅਤੇ ਅੱਜ ਉਹ ਆਪਣਾ ਖਰੜਾ ਕੇਂਦਰ ਸਰਕਾਰ ਅੱਗੇ ਰੱਖਣਗੇ। ਇਸ ਖਰੜੇ ਵਿੱਚ ਐਮਐਸਪੀ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਅਤੇ ਦੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮੰਗ ਕੀਤੀ ਜਾਵੇਗੀ।
ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਵਿੱਚ ਧਰਨੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇੰਡੀਆ ਕਿਸਾਨ ਯੂਨੀਅਨ ਵੱਲੋਂ ਬੈਠਕ ਕੀਤੀ ਜਾਵੇਗੀ, ਜਿਸ ਵਿੱਚ ਮੋਦੀ ਸਰਕਾਰ, ਕਾਰਪੋਰੇਟ ਘਰਾਣੇ ਅਤੇ ਮੋਦੀ ਸਰਕਾਰ ਦੇ ਭਾਈਵਾਲ ਪਾਰਟੀਆਂ ਖਿਲਾਫ਼ ਰਣਨੀਤੀ ਬਣਾਈ ਜਾਵੇਗੀ ਤੇ ਦੁਸਹਿਰੇ ਤੋਂ ਪਹਿਲਾਂ ਇਹ ਬੈਠਕ ਦਿੱਲੀ ਜਾਂ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।