ਚੰਡੀਗੜ੍ਹ: ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਸੁਧਾਰ ਬਿੱਲ ਦਾ ਵਿਰੋਧ ਦਿਨੋ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਵਿੱਢੇ ਜਾ ਰਹੇ ਹਨ। ਇਸੇ ਕੜੀ ਵਿੱਚ ਦੇਸ਼ ਪੱਧਰ 'ਤੇ 250 ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਸਾਂਝੀ 'ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ' 'ਚ ਸ਼ਾਮਲ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਬੁੱਧਵਾਰ ਕੀਤੇ ਗਏ ਇੱਕ ਐਲਾਨ ਰਾਹੀਂ 25 ਸਤੰਬਰ ਨੂੰ 'ਪੰਜਾਬ ਬੰਦ' ਦਾ ਸੱਦਾ ਦਿੱਤਾ ਹੈ।
ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸੰਧੂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਲਏ ਫ਼ੈਸਲੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 25 ਸਤੰਬਰ ਨੂੰ ਕਾਰੋਬਾਰ, ਸੜਕੀ ਅਤੇ ਰੇਲ ਆਵਾਜਾਈ ਨੂੰ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਆਗੂਆਂ ਨੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ 19 ਸਤੰਬਰ ਨੂੰ ਮੋਗਾ ਵਿਖੇ ਸੱਦੀ ਹੈ, ਤਾਂ ਜੋ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਕਰਕੇ ਤੁਰਿਆ ਜਾ ਸਕੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸੁਧਾਰ ਬਿੱਲ ਤੇ ਬਿਜਲੀ ਸੋਧ ਕਾਨੂੰਨ 2020 ਨੂੰ ਪਾਸ ਕਰਨ 'ਤੇ ਉਤਾਰੂ ਹੈ, ਜੋ ਕਿ ਦੇਸ਼ ਭਰ ਦੇ ਕਿਸਾਨਾਂ-ਮਜ਼ਦੂਰਾਂ ਦੀ ਤਬਾਹੀ ਹੈ। ਜਦੋਂ ਤੱਕ ਇਹ ਕਾਨੂੰਨ ਖ਼ਤਮ ਨਹੀਂ ਕੀਤੇ ਜਾਣਗੇ, ਸੰਘਰਸ਼ ਜਾਰੀ ਰਹੇਗਾ।