ਚੰਡੀਗੜ੍ਹ: ਸੌਦਾ ਸਾਧ ਦੇ ਸਵਾਂਗ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਤੇਜ਼ ਹੁੰਦੀ ਜਾ ਰਹੀ ਹੈ। ਹਰ ਕੋਈ ਉਸ ਸਮੇਂ ਦੀ ਸਰਕਾਰ ਉੱਤੇ ਸਵਾਲ ਚੁੱਕ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਡੇਰਾ ਸਿਰਸਾ ਮੁਖੀ ਵੱਲੋਂ ਸਵਾਂਗ ਦੇ ਮਾਮਲੇ ਉੱਤੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਿਸ ਦਾ ਜਵਾਬ ਦਿੰਦਿਆ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਝੂਠ ਨਾਲ ਸਿਆਸਤ ਕਰਨ ਵਾਲੇ ਜ਼ਿਆਦਾ ਦੇਰ ਤੱਕ ਕੁਰਸੀ ਉੱਤੇ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਝੂਠ ਦੇ ਕੋਈ ਪੈਰ ਨਹੀਂ ਹੁੰਦੇ।
ਚੀਮਾ ਨੇ ਕਿਹਾ ਕਿ ਸੁਖਦੇਵ ਢੀਂਡਸਾ ਵੱਲੋਂ ਜਾਣ ਬੁੱਝ ਕੇ ਇਹ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਮਜ਼ੋਰ ਕੀਤਾ ਜਾ ਸਕੇ। ਦਲਜੀਤ ਚੀਮਾ ਨੇ ਸੁਖਦੇਵ ਸਿੰਘ ਢੀਂਡਸਾ ਸਣੇ ਆਮ ਆਦਮੀ ਪਾਰਟੀ ਉੱਤੇ ਵੀ ਨਿਸ਼ਾਨੇ ਲਾਉਂਦੇ ਕਿਹਾ ਕਿ ਇਹ ਸਾਰੇ ਬੰਦੇ ਕਾਂਗਰਸ ਦੇ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਹਾਈ ਕਮਾਨ ਨਾਲ ਇਨ੍ਹਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ।
ਇਹ ਸਾਰਾ ਕਾਰਾ ਨਵੇਂ ਅਕਾਲੀ ਦਲ ਵਾਲਾ, ਸੌਦਾ ਸਾਧ ਵਾਲਾ ਕਾਂਗਰਸ ਦੀ ਸ਼ਹਿ ਉੱਤੇ ਹੋਇਆ ਹੈ। ਦਲਜੀਤ ਚੀਮਾ ਨੇ ਵੀ ਕਿਹਾ ਕਿ ਜਾਣ ਬੁੱਝ ਕੇ ਅਕਾਲੀ ਦਲ ਨੂੰ ਉਸ ਦੇ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਲਦ ਹੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ।