ਨਵੀਂ ਦਿੱਲੀ: ਅਗਲੇ ਸਾਲ ਪੰਜਾਬ, ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਕੋਰੋਨਾ ਮਹਾਂਮਾਰੀ ਕਾਰਨ ਸਮੇਂ ਸਿਰ ਚੋਣਾਂ ਨੂੰ ਲੈ ਕੇ ਕਾਫ਼ੀ ਅਟਕਲਾਂ ਹਨ। ਇਨ੍ਹਾਂ ਅਟਕਲਾਂ ਦੇ ਵਿਚਕਾਰ, ਮੁੱਖ ਚੋਣ ਕਮਿਸ਼ਨਰ (CEC) ਸੁਸ਼ੀਲ ਚੰਦਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਅਗਲੇ ਸਾਲ ਉੱਤਰ ਪ੍ਰਦੇਸ਼ ਅਤੇ ਪੰਜਾਬ ਸਣੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਭਰੋਸਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ, ਅਸੀਂ ਬਿਹਾਰ, ਪੱਛਮੀ ਬੰਗਾਲ ਸਣੇ ਪੰਜ ਹੋਰ ਅਸੈਂਬਲੀ ਦੀਆਂ ਚੋਣਾਂ ਕਰਵਾ ਕੇ ਤਜਰਬਾ ਹਾਸਲ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਗੋਆ, ਮਣੀਪੁਰ, ਪੰਜਾਬ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2022 ਵਿੱਚ ਖਤਮ ਹੋ ਰਿਹਾ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਮਈ 2022 ਵਿੱਚ ਖਤਮ ਹੋਵੇਗਾ। ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਹੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ।
ਪੰਜ ਰਾਜਾਂ ਵਿਚ ਕੁੱਲ 17.84 ਕਰੋੜ ਵੋਟਰ ਹਨ
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 1 ਜਨਵਰੀ, 2021 ਤੱਕ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿੱਚ ਤਕਰੀਬਨ 14.66 ਕਰੋੜ ਵੋਟਰ ਹਨ, ਜਦੋਂ ਕਿ ਪੰਜਾਬ ਵਿੱਚ ਦੋ ਕਰੋੜ ਤੋਂ ਵੱਧ ਵੋਟਰ ਹਨ। ਉੱਤਰਾਖੰਡ ਵਿੱਚ 78.15 ਲੱਖ ਵੋਟਰ ਰਜਿਸਟਰਡ ਹਨ, ਮਨੀਪੁਰ ਵਿੱਚ 19.58 ਲੱਖ ਵੋਟਰ ਅਤੇ ਗੋਆ ਵਿੱਚ 11.45 ਲੱਖ ਵੋਟਰ ਹਨ। ਪੰਜ ਰਾਜਾਂ ਵਿਚ ਕੁੱਲ 17.84 ਕਰੋੜ ਵੋਟਰ ਹਨ।