ਚੰਡੀਗੜ੍ਹ : ਮੌਸਮ ਦੀ ਤਬਦੀਲੀ ਕਾਰਨ ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਸਾਹ ਸਬੰਧੀ ਬਿਮਾਰੀਆਂ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸੂਚੀ ਸੁਝਾਈ। ਉਨ੍ਹਾਂ ਨੇ ਰਾਜ ਦੇ ਸਿਹਤ ਵਿਭਾਗ ਨੂੰ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ (ਆਈ.ਐਲ.ਆਈ.) ਦੇ ਹੋਰ ਫੈਲਾਅ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਇੱਕ ਤਫ਼ਸੀਲਸ਼ੁਦਾ ਐਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।
ਲੱਛਣਾ ਦੀ ਗੰਭੀਰਤਾ : ਉਨ੍ਹਾਂ ਨੇ ਸਾਰੇ ਸਿਵਲ ਸਰਜਨਾਂ ਨੂੰ ਹਰੇਕ ਹਸਪਤਾਲ ਦੇ ਆਊਟ ਪੇਸ਼ੈਂਟ ਵਿਭਾਗ (ਓ.ਪੀ.ਡੀ.) ਵਿੱਚ ਫਲੂ ਕਾਰਨਰ ਸਥਾਪਤ ਕਰਨ ਦੇ ਨਾਲ-ਨਾਲ ਇਨ੍ਹਾਂ ਕਾਰਨਰਾਂ ਵਿੱਚ ਸਿੱਖਿਅਤ ਤੇ ਤਜਰਬੇਕਾਰ ਪੈਰਾ-ਮੈਡੀਕਲ ਸਟਾਫ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਅਤੇ ਲੱਛਣਾ ਦੀ ਗੰਭੀਰਤਾ ਦੇ ਅਧਾਰ ’ਤੇ ਸੁਝਾਈ ਆਈ.ਐਲ.ਆਈ. ਅਨੁਸਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ। ਸਾਰੇ ਹਸਪਤਾਲਾਂ ਨੂੰ ਢੁਕਵੀਂ ਲਾਜਿਸਟਿਕਸ ਅਤੇ ਆਕਸੀਜਨ ਸਪਲਾਈ ਦੇ ਨਾਲ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਨੇ ਛੂਤ ਵਾਲੀ ਇਸ ਗੰਭੀਰ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਈ.ਐਲ.ਆਈ. ਵਾਲੇ ਲੋਕਾਂ ਲਈ ਸਾਹ ਸੰਬੰਧੀ ਇਹਤਿਆਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਨੋਟੀਫਿਕੇਸ਼ਨ ਜਾਰੀ: ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਇਨਫਲੂਐਂਜ਼ਾ ਏ ਐਚ1ਐਨ1/ਐਚ3ਐਨ2 ਪੰਜਾਬ ਵਿੱਚ ਮਹਾਂਮਾਰੀ ਰੋਗ ਐਕਟ ਅਧੀਨ ਇੱਕ ਨੋਟੀਫਾਈਡ ਬਿਮਾਰੀ ਹੈ ਅਤੇ ਇਸ ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਇਹ ਨੋਟੀਫਿਕੇਸ਼ਨ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਭੇਜ ਕੇ ਸਾਰੇ ਸ਼ੱਕੀ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ, “ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮੈਡੀਕਲ ਸੰਸਥਾਵਾਂ ਵਿੱਚ ਆਉਣ ਵਾਲੇ ਸਾਰੇ ਆਈ.ਐਲ.ਆਈ. ਮਰੀਜ਼ਾਂ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਜੇਕਰ ਉਹ ਕੋਵਿਡ ਨੈਗੇਟਿਵ ਹਨ ਅਤੇ ਉਸ ਵਿੱਚ ਸਵਾਈਨ ਫਲੂ (ਐਚ1ਐਨ1) ਦੇ ਲੱਛਣ ਹਨ ਤਾਂ ਉਸ ਮਰੀਜ਼ ਨੂੰ ਅਲੱਗ ਰੱਖਕੇ ਇਲਾਜ ਕੀਤਾ ਜਾਵੇ ਅਤੇ ਲੋੜੀਂਦੇ ਟੈਸਟ ਕੀਤੇ ਜਾਣ,” ।
- ਕੀ ਹੈ ਮਜੀਠੀਆ ਪਰਿਵਾਰ ਨਾਲ ਅਰਬੀ ਘੋੜਿਆਂ ਦਾ ਰੌਲਾ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਦਿੱਤਾ ਮਜੀਠੀਆ ਨੂੰ 5 ਤਰੀਕ ਦਾ ਅਲਟੀਮੇਟਮ, ਪੜ੍ਹੋ ਪੂਰੀ ਖ਼ਬਰ
- Punjab Sugarcane Price Hike: ਗੰਨਾ ਕਾਸ਼ਤਕਾਰਾਂ ਨੂੰ ਸਰਕਾਰ ਦੀ ਸੌਗਾਤ, ਕੀਮਤਾਂ ਵਿੱਚ ਕੀਤਾ ਵਾਧਾ
- ਨੌਕਰੀਆਂ ਦੇਣ ਨੂੰ ਲੈ ਕੇ ਸੀਐਮ ਮਾਨ ਦਾ ਬਿਆਨ, ਕਿਹਾ- ਕੁਰਸੀ ਆਰਾਮ ਫਰਮਾਉਣ ਲਈ ਨਹੀਂ, ਲੋਕ ਸੇਵਾ ਲਈ ਹੁੰਦੀ
ਮੌਸਮੀ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਆ : ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸਾਵਧਾਨੀਆਂ ਵਰਤ ਕੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਪ੍ਰੇਰਿਆ। ਆਈ.ਐਲ.ਆਈ. ਦੇ ਮਰੀਜ਼, ਆਈ.ਐਲ.ਆਈ. ਦੇ ਮਰੀਜ਼ਾਂ ਨਾਲ ਕੰਮ ਕਰਨ ਵਾਲੇ ਸਿਹਤ ਸਟਾਫ, ਅਜਿਹੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਜਾਂ ਰਿਸ਼ਤੇਦਾਰ, ਇਮਿਊਨੋ-ਕੰਪ੍ਰੋਮਾਈਜ਼ਡ ਵਿਅਕਤੀ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ, ਨਿਯਮਤ ਤੌਰ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਆਈ.ਐਲ.ਆਈ. ਦੇ ਲੱਛਣਾਂ ਵਾਲੇ ਲੋਕਾਂ ਨੂੰ ਨਜ਼ਦੀਕੀ ਮੈਡੀਕਲ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। (ਪ੍ਰੈੱਸ ਨੋਟ)