ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਵਜੋਂ ਗਿਆਨੀ ਰਘਬੀਰ ਸਿੰਘ ਨੇ ਕਾਰਜਭਾਰ ਸੰਭਾਲਿਆ ਹੈ ਅਤੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਨੂੰ ਸਮਾਪਤ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਇਸ ਦਰਮਿਆਨ ਜਥੇਦਾਰ ਅਕਾਲ ਤਖ਼ਤ ਦੇ ਇਕ ਬਿਆਨ ਨੇ ਬੰਦੂਕ ਵਿਚੋਂ ਨਿਕਲੀ ਗੋਲੀ ਵਾਂਗੂ ਸਿੱਧਾ ਨਿਸ਼ਾਨਾ ਲਗਾਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਸੋਚ ਰੱਖਿਆ ਸੀ ਕਿ ਜਿਸਦੀ ਦਬਾਅ ਆਇਆ ਉਹ ਅਹੁਦਾ ਛੱਡ ਦੇਣਗੇ, ਹੁਣ ਦਬਾਅ ਆਇਆ ਅਤੇ ਉਹਨਾਂ ਅਹੁਦਾ ਛੱਡ ਦਿੱਤਾ।
ਜਥੇਦਾਰ ਦੇ ਬਿਆਨ ਦੇ ਮਾਇਨੇ ਸਿਆਸੀ ਦਬਾਅ ਵਜੋਂ ਕੱਢੇ ਜਾ ਰਹੇ ਹਨ। ਇਸਤੋਂ ਪਹਿਲਾਂ ਇਹ ਚਰਚਾਵਾਂ ਸਿਆਸੀ ਅਤੇ ਧਾਰਮਿਕ ਗਲਿਆਰਿਆਂ ਵਿਚ ਪੁਰਜੋਰ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਆਸੀ ਅਸਰ ਹੇਠ ਹੁੰਦੀ ਹੈ ਅਤੇ ਸਿਆਸੀ ਦਬਾਅ ਹੇਠ ਵੀ ਜਥੇਦਾਰ ਵੱਲੋਂ ਕੰਮ ਕੀਤਾ ਜਾਂਦਾ ਰਿਹਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਇਸਦੀ ਹਾਮੀ ਭਰਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਸਿਆਸੀ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ। ਸਮੇਂ ਸਮੇਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਕਈ ਵਿਵਾਦ ਜੁੜਦੇ ਰਹੇ।
'ਅਕਾਲ ਤਖ਼ਤ ਦੇ ਜਥੇਦਾਰ 'ਤੇ ਸਿਆਸੀ ਦਬਾਅ' ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਵਾਰ-ਵਾਰ ਇਹ ਕਹਿੰਦੇ ਹਨ ਕਿ ਇਕ ਸਿਆਸੀ ਪਰਿਵਾਰ ਦਾ ਸਿਰਫ਼ ਅਕਾਲ ਤਖ਼ਤ ਹੀ ਨਹੀਂ ਬਲਕਿ ਐਸ.ਜੀ.ਪੀ.ਸੀ ਦੇ ਫ਼ੈਸਲਿਆਂ ਵਿੱਚ ਵੀ ਸਿੱਧੇ ਤੌਰ ਉੱਤੇ ਦਖ਼ਲ ਅੰਦਾਜ਼ੀ ਕਰਦਾ ਹੈ। ਉਹਨਾਂ ਦੇ ਪ੍ਰਭਾਵ ਹੇਠ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ ਦੇ ਫ਼ੈਸਲੇ ਹੁੰਦੇ ਹਨ। ਗਿਆਨੀ ਰਣਜੀਤ ਸਿੰਘ ਨੇ ਬੀਤੇ ਦਿਨ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਨਿਯੁਕਤੀ 'ਤੇ ਆਖਿਆ ਸੀ ਕਿ ਨਵਾਂ ਜਥੇਦਾਰ ਖਾਸ ਸਿਆਸੀ ਪਰਿਵਾਰ ਦੀਆਂ ਔਰਤਾਂ ਦੀਆਂ ਜੁੱਤੀਆਂ ਚੁੱਕਣ ਦਾ ਕੰਮ ਕਰੇਗਾ। ਸਾਬਕਾ ਜਥੇਦਾਰ ਦਾ ਇਹ ਬਿਆਨ ਆਪਣੇ ਆਪ ਦੇ ਵਿਚ ਬਹੁਤ ਵੱਡਾ ਅਤੇ ਵਿਵਾਦਿਤ ਵੀ ਹੋ ਸਕਦਾ ਹੈ।
ਕਿਵੇਂ ਹੁੰਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ? ਹੁਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹੀ ਹੈ ਅਤੇ ਕਈ ਵਾਰ ਇਸ ਤਰ੍ਹਾਂ ਨਿਯੁਕਤੀ ਨੂੰ ਲੈ ਕੇ ਵਿਵਾਦ ਵੀ ਖੜਾ ਹੁੰਦਾ ਰਿਹਾ ਹੈ। ਐਸਜੀਪੀਸੀ ਵੱਲੋਂ ਜਥੇਦਾਰ ਅਕਾਲ ਤਖ਼ਤ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਵੀ ਐਸਜੀਪੀਸੀ ਕੋਲ ਹੈ। ਕਾਨੂੰਨੀ ਤੌਰ 'ਤੇ ਐਸਜੀਪੀਸੀ ਇਹ ਅਧਿਕਾਰ ਰੱਖਦੀ ਹੈ, ਕਿਉਂਕਿ ਜਥੇਦਾਰ ਐਸਜੀਪੀਸੀ ਦਾ ਮੁਲਾਜ਼ਮ ਹੁੰਦਾ ਹੈ। ਐਸਜੀਪੀਸੀ ਕਿਸੇ ਵੀ ਮੈਂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਸਕਦੀ ਹੈ। ਕੁਝ ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਨਿਯੁਕਤੀ 'ਤੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾਂਦਾ ਹੈ, ਐਸਜੀਪੀਸੀ ਆਪਣੇ ਅਧਿਕਾਰਾਂ ਮੁਤਾਬਿਕ ਹੀ ਜਥੇਦਾਰ ਦੀ ਨਿਯੁਕਤੀ ਅਤੇ ਰਵਾਨਗੀ ਕਰਦੀ ਹੈ।
ਪਹਿਲੇ ਜਥੇਦਾਰ ਕਿਸ ਪ੍ਰਭਾਵ ਹੇਠ ਕਰਦੇ ਸੀ ਕੰਮ ? 1920 ਤੋਂ ਬਾਅਦ ਅਕਾਲੀ ਦਲ ਹੋਂਦ ਵਿਚ ਆਇਆ ਅਤੇ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ, ਜਿਸ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਐਸ.ਜੀ.ਪੀ.ਸੀ ਅਤੇ ਅਕਾਲੀ ਦਲ ਕੋਲ ਆਇਆ। ਉਦੋਂ ਤੋਂ ਕਿਹਾ ਜਾਂਦਾ ਰਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਐਸਜੀਪੀਸੀ ਦੇ ਸਾਰੇ ਪ੍ਰਬੰਧ ਸਿਆਸੀ ਦਬਾਅ ਦੇ ਦਾਇਰੇ ਵਿਚ ਰਹਿ ਕੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਜਥੇਦਾਰਾਂ ਨਾਲ ਕਈ ਵਿਵਾਦ ਜੁੜਦੇ ਰਹੇ ਤੇ ਸਿਆਸੀ ਪ੍ਰਭਾਵ ਹੇਠ ਕੰਮ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ। ਇਹ ਵੀ ਚਰਚਾਵਾਂ ਸਿਆਸੀ ਗਲਿਆਰਿਆਂ ਵਿੱਚ ਘੁੰਮਦੀਆਂ ਰਹੀਆਂ ਕਿ ਜੋ ਵੀ ਜਥੇਦਾਰ ਅਕਾਲੀ ਦਲ ਅਤੇ ਐਸਜੀਪੀਸੀ ਦੇ ਕਹਿਣ 'ਤੇ ਨਹੀਂ ਚੱਲਦਾ ਉਸਨੂੰ ਹਟਾ ਦਿੱਤਾ ਜਾਂਦਾ ਹੈ।
ਹੁਣ ਤੱਕ ਕਿਸ-ਕਿਸ ਜਥੇਦਾਰ ਨੇ ਨਿਭਾਈ ਸੇਵਾ ?
ਹੁਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਰਹੇ ਉਹਨਾਂ ਨਾਲ ਕੋਈ ਨਾ ਕੋਈ ਵਿਵਾਦ ਜੁੜਿਆ ਹੀ ਰਿਹਾ ਹੈ। ਜਿਸਦੀ ਸ਼ੁਰੂਆਤ 1987 'ਚ ਹੋਏ ਆਪ੍ਰੇਸ਼ਨ ਬਲੈਕ ਥੰਡਰ ਤੋਂ ਹੋਈ ਮੰਨੀ ਜਾ ਰਹੀ ਹੈ। ਉਸ ਵੇਲੇ ਭਾਈ ਜਸਬੀਰ ਸਿੰਘ ਰੋਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਇਸ ਆਪ੍ਰੇਸ਼ਨ 'ਚ ਉਹਨਾਂ ਦੀ ਭੂਮਿਕਾ ਨੂੰ ਸ਼ੱਕੀ ਤੌਰ 'ਤੇ ਵੇਖਿਆ ਗਿਆ ਸੀ। ਉਹ 1986 ਤੋਂ 1989 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ।
1997 'ਚ ਜਦੋਂ ਗਿਆਨੀ ਰਣਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਤਾਂ ਉਹਨਾਂ ਦਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ 36 ਦਾ ਅੰਕੜਾ ਰਿਹਾ। ਉਹਨਾਂ ਨੇ ਇਕ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਲਿਆ ਸੀ। ਜਿਸ ਤੋਂ ਬਾਅਦ ਐਸਜੀਪੀਸੀ ਨੇ ਐਗਜੈਕਟਿਵ ਕਮੇਟੀ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਅਤੇ ਗਿਆਨੀ ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ। ਉਹ 1997 ਤੋਂ 1999 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ।
1999 'ਚ ਗਿਆਨੀ ਪੂਰਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ। ਗਿਆਨੀ ਪੂਰਨ ਸਿੰਘ ਅਤੇ ਤਤਕਾਲੀ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵਿਚ ਵੀ ਮੱਤਭੇਦ ਪੈਦਾ ਹੋ ਗਏ। ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਦੋਵਾਂ ਦੀ ਆਪਸ ਵਿਚ ਵਿਗੜ ਗਈ ਅਤੇ ਗਿਆਨੀ ਪੂਰਨ ਸਿੰਘ ਬੀਬੀ ਜਗੀਰ ਕੌਰ ਸਮੇਤ 5 ਹੋਰ ਮੈਂਬਰਾਂ ਨੂੰ ਪੰਥ ਵਿਚੋਂ ਛੇਕ ਦਿੱਤਾ। ਜਿਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਤੋਂ ਲਾਹ ਦਿੱਤਾ ਅਤੇ ਉਹਨਾਂ ਨੂੰ ਰਿਕਸ਼ੇ 'ਤੇ ਆਪਣੇ ਘਰ ਜਾਣਾ ਪਿਆ।
2000 'ਚ ਜਿਹਨਾਂ ਤੋਂ ਬਾਅਦ ਜੋਗਿੰਦਰ ਸਿੰਘ ਵੇਦਾਂਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਜਿਹਨਾਂ ਦੇ ਨਾਲ ਵੀ ਸਮੇਂ ਸਮੇਂ 'ਤੇ ਕਈ ਵਿਵਾਦ ਜੁੜਦੇ ਰਹੇ। ਉਹਨਾਂ ਅਤੇ ਹੋਰ ਵੀ ਗੰਭੀਰ ਇਲਜ਼ਾਮ ਲੱਗੇ ਸਨ। ਜੋਗਿੰਦਰ ਸਿੰਘ ਵੇਦਾਂਤੀ 2000 ਤੋਂ 2008 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਗਿਆਨੀ ਪੂਰਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਰੱਦ ਕੀਤਾ ਮਤਾ ਜੋਗਿੰਦਰ ਸਿੰਘ ਵੇਦਾਂਤੀ ਨੇ ਹੀ ਮੁੜ ਤੋਂ ਲਾਗੂ ਕੀਤਾ ਸੀ।
2008 ਤੋਂ 2018 ਤੱਕ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਗਿਆਨੀ ਗੁਰਬਚਨ ਸਿੰਘ ਵੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਏ। ਹਾਲਾਂਕਿ ਸੰਗਤ ਦੇ ਵਿਰੋਧ ਤੋਂ ਬਾਅਦ ਇਸ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਸੀ।
2018 ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ। ਜਿਹਨਾਂ ਬਾਰੇ ਅਕਸਰ ਚਰਚਾਵਾਂ ਰਹੀਆਂ ਕਿ ਉਹ ਪਾਰਟੀ ਲਾਈਨ ਤੋਂ ਕਈ ਵਾਰ ਹੱਟ ਕੇ ਚੱਲੇ। 'ਆਪ' ਆਗੂ ਰਾਘਵ ਚੱਢਾ ਦੀ ਮੰਗਣੀ ਵਿਚ ਜਾਣ ਤੋਂ ਬਾਅਦ ਕਈ ਅਕਾਲੀ ਆਗੂ ਉਹਨਾਂ ਨੂੰ ਹਟਾਉਣ ਦੀ ਮੰਗ ਕਰਦੇ ਰਹੇ। ਫਿਰ ਸ਼੍ਰੋਮਣੀ ਅਕਾਲੀ ਦਲ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਮੁਕਤ ਕਰ ਦਿੱਤਾ ਗਿਆ। 2018 ਤੋਂ ਜੂਨ 2023 ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ।
ਸਿਆਸੀ ਪ੍ਰਭਾਵ ਦੇ ਮਾਇਨੇ ਕੀ ? ਕਾਨੂੰਨ ਮਾਹਿਰਾਂ ਦੀ ਮੰਨੀਏ ਤਾਂ ਐਸਜੀਪੀਸੀ ਇਕ ਅਜਿਹਾ ਢਾਂਚਾ ਹੈ, ਜਿਸਦੀ ਬਕਾਇਦਾ ਚੋਣ ਪ੍ਰਕਿਰਿਆ ਹੁੰਦੀ ਹੈ। ਅਕਾਲੀ ਦਲ ਦਾ ਨਾਂ ਇਸ ਲਈ ਇਸ ਵਿੱਚ ਜੁੜਦਾ ਹੈ, ਕਿਉਂਕਿ ਹੁਣ ਤੱਕ ਅਕਾਲੀ ਦਲ ਨੇ ਹੀ ਐਸਜੀਪੀਸੀ ਦੀਆਂ ਚੋਣਾਂ ਲੜੀਆਂ ਅਤੇ ਅਕਾਲੀ ਦਲ ਨਾਲ ਸਬੰਧਤ ਆਗੂ ਐਸਜੀਪੀਸੀ ਦੇ ਮੈਂਬਰ ਵੀ ਰਹੇ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਸਜੀਪੀਸੀ ਹਾਊਸ ਬਣਦਾ ਹੈ ਅਤੇ ਮੈਂਬਰਾਂ ਦੀ ਨਿਯੁਕਤੀ ਹੁੰਦੀ ਹੈ। ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਈਆਂ। ਐਸਜੀਪੀਸੀ ਦੇ ਹਰਿਆਣਾ, ਪੰਜਾਬ ਅਤੇ ਹਿਮਾਚਲ ਤੋਂ ਵੀ ਮੈਂਬਰ ਲਏ ਜਾਂਦੇ ਹਨ।
ਕਾਨੂੰਨ ਮਾਹਿਰਾਂ ਨੇ ਕਿਹਾ ਕਿ ਇਹ ਸਾਫ਼ ਹੈ ਕਿ ਜਦੋਂ ਕੋਈ ਪਾਰਟੀ ਚੋਣ ਲੜਦੀ ਹੈ ਅਤੇ ਉਸਦੇ ਮੈਂਬਰ ਚੁਣ ਕੇ ਆ ਜਾਣ ਤਾਂ ਉਸ ਪਾਰਟੀ ਦਾ ਏਕਾਧਿਕਾਰ ਹੋਣਾ ਵੀ ਸੁਭਾਵਿਕ ਹੈ, ਐਸਜੀਪੀਸੀ ਦੇ ਵਰਤਾਰੇ ਵਿਚ ਇਸੇ ਤਰ੍ਹਾਂ ਹੀ ਹੁੰਦਾ ਹੈ। ਜੇਕਰ ਕੋਈ ਹੋਰ ਪਾਰਟੀ ਚੋਣ ਲੜਦੀ ਹੈ ਤਾਂ ਉਸਦੇ ਮੈਂਬਰ ਵੀ ਐਸਜੀਪੀਸੀ ਵਿੱਚ ਆ ਸਕਦੇ ਹਨ। ਐਸਜੀਪੀਸੀ ਉੱਤੇ ਅਕਾਲੀ ਦਲ ਦੇ ਏਕਾਧਿਕਾਰ ਦੀ ਚਰਚਾ ਇਸ ਲਈ ਵੀ ਹੈ, ਕਿਉਂਕਿ ਕੋਈ ਹੋਰ ਪਾਰਟੀ ਅਜੇ ਤੱਕ ਐਸਜੀਪੀਸੀ ਚੋਣ ਮੈਦਾਨ ਵਿਚ ਨਹੀਂ ਆਈ। ਇਸੇ ਲਈ ਐਸਜੀਪੀਸੀ ਅਤੇ ਅਕਾਲ ਤਖ਼ਤ ਸਾਹਿਬ 'ਤੇ ਇਕ ਖਾਸ ਪਰਿਵਾਰ ਦਾ ਪ੍ਰਭਾਵ ਹੋਣ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ।