ਚੰਡੀਗੜ੍ਹ: ਕੋਵਿਡ-19 ਕਾਰਨ ਸੂਬੇ ਵਿਚ ਲਗਾਏ ਗਏ ਕਰਫਿਊ ਅਤੇ ਲੋਕਡਾਊਨ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਕਣਕ ਅਤੇ ਦਾਲ ਦੀ ਵੰਡ ਸ਼ੁਰੂ ਹੋ ਗਈ ਹੈ। ਇਸ ਵੰਡ ਨਾਲ ਸੂਬੇ ਦੇ 36 ਲੱਖ ਪਰਿਵਾਰਾਂ ਦੇ 1.40 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਹਾਲੀ, ਪਟਿਆਲਾ, ਰੋਪੜ, ਸੰਗਰੂਰ ਵਿਖੇ ਦਾਲਾਂ ਪਹੁੰਚਣ ਉਪਰੰਤ ਵੰਡ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਰਾਜ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਆਉਂਦੇ ਸਮੂਹ ਲਾਭਪਤਾਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਨੁਸਾਰ ਅਗਲੇ ਤਿੰਨ ਮਹੀਨਿਆਂ ਲਈ ਪੰਜ ਕਿਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਣਦੀ ਕਣਕ ਬਿਨਾ ਕਿਸੇ ਕੀਮਤ ਦੇ ਮੁਫਤ (15 ਕਿਲੋ ਕਣਕ ਪ੍ਰਤੀ ਜੀਅ) ਅਤੇ ਇੱਕ ਕਿੱਲੋ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦੇ ਹਿਸਾਬ ਦੇ ਬਣਦੀ ਦਾਲ (ਤਿੰਨ ਕਿਲੋ ਪ੍ਰਤੀ ਪਰਿਵਾਰ) ਦੀ ਵੰਡ ਸ਼ੁਰੂ ਕਰਨ ਦਾ ਸੂਬਾ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਸੀ। ਇਹ ਕਣਕ ਅਤੇ ਦਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਛੇ ਮਹੀਨੇ ਲਈ ਇਕੱਠੀ ਵੰਡੀ ਜਾਂਦੀ ਕਣਕ ਤੋਂ ਇਲਾਵਾ ਹੈ।
ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਵੰਡ ਦਾ ਇਹ ਕਾਰਜ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੇ ਬਾਕੀ ਬਚਦੇ ਜ਼ਿਲ੍ਹੇ ਜਿਨ੍ਹਾਂ ਵਿਚ ਬਰਨਾਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ ਅਤੇ ਪਠਾਨਕੋਟ ਸ਼ਾਮਿਲ ਹਨ, ਵਿਚ ਵੰਡ ਦਾ ਕੰਮ 10.05.2020 ਤੋਂ ਸ਼ੁਰੂ ਹੋ ਜਾਵੇਗਾ।