ਚੰਡੀਗੜ੍ਹ: ਜਬਰ ਜਨਾਹ ਅਤੇ ਪੱਤਰਕਾਰ ਛੱਤਰਪਤੀ ਹੱਤਿਆ ਮਾਮਲੇ 'ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈਕੋਰਟ ਦੀ ਘੂਰ ਤੋਂ ਬਾਅਦ ਗਈ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਹੈ।
ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੂੰਹ ਬੋਲੀ ਧੀ ਗੁਰਾਂਸ਼ ਦੇ ਵਿਆਹ ਲਈ ਜ਼ਮਾਨਤ ਅਰਜ਼ੀ ਦਾਖਿਲ ਕੀਤੀ ਸੀ। ਜਿਸ ਤੋਂ ਬਾਅਦ ਬੁੱਧਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਣੀ ਸੀ। ਪਰ, ਹਾਈਕੋਰਟ ਦੀ ਸਖ਼ਤੀ ਨੂੰ ਵੇਖਦਿਆਂ ਰਾਮ ਰਹੀਮ ਨੇ ਆਪਣੀ ਜ਼ਮਾਨਤ ਅਰਜ਼ੀ ਹੀ ਵਾਪਿਸ ਲੈ ਲਈ। ਉਂਧਰ ਹਾਈਕੋਰਟ ਨੇ ਵੀ ਰਾਮ ਰਹੀਮ ਨੂੰ ਅਰਜ਼ੀ ਵਾਪਸ ਲੈਣ ਦੀ ਛੁੱਟ ਦਿੰਦਿਆਂ ਅਰਜ਼ੀ ਖਾਰਜ ਕਰ ਦਿੱਤੀ।
ਮਾਮਲੇ ਦੀ ਸੁਣਵਾਈ ਦੌਰਾਨ ਸੀਬੀਆਈ ਵਲੋਂ ਕਿਹਾ ਗਿਆ ਕਿ ਰਾਮ ਰਹੀਮ ਵਰਗੇ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ, ਹਰਿਆਣਾ ਸਰਕਾਰ ਨੇ ਵੀ ਰਾਮ ਰਹੀਮ ਨੂੰ ਜ਼ਮਾਨਤ ਦਿੱਤੇ ਜਾਣ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਿਰਸਾ 'ਚ ਲਾਅ ਅਤੇ ਆਰਡਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੌਰਾਨ ਇੱਕ ਵਕੀਲ ਨੇ ਅਦਾਲਤ ਚ ਕਿਹਾ ਕਿ ਡੇਰੇ ਚ ਕੰਨਿਆਦਾਨ ਦਾ ਕੋਈ ਰਿਵਾਜ ਹੀ ਨਹੀਂ ਹੈ ਤੇ ਰਾਮ ਰਹੀਮ ਸਿਰਫ਼ ਜੈਮਾਲਾ ਨੂੰ ਹੱਥ ਲਗਾਉਂਦੇ ਹਨ, ਜੋ ਲਾੜਾ ਤੇ ਲਾੜੀ ਨੂੰ ਪਵਾਈ ਜਾਂਦੀ ਹੈ ਤੇ ਰਾਮ ਰਹੀਮ ਦੀ ਮਾਤਾ ਤੇ ਪੁੱਤਰ ਵੀ ਇਸ ਰਿਵਾਜ ਨੂੰ ਪੂਰਾ ਕਰ ਸਕਦੇ ਹਨ। ਇਸ ਲਈ ਰਾਮ ਰਹੀਮ ਨੂੰ ਜ਼ਮਾਨਤ ਦੇਣਾ ਜ਼ਰੂਰੀ ਨਹੀਂ। ਇਸ ਤੋਂ ਬਾਅਦ ਅਦਾਲਤ ਨੇ ਵੀ ਸਾਫ਼ ਕਰ ਦਿੱਤਾ ਕਿ ਉਹ ਰਾਮ ਰਹੀਮ ਨੂੰ ਜ਼ਮਾਨਤ ਦੇਣ ਦੇ ਪੱਖ ਵਿੱਚ ਨਹੀਂ ਹੈ ਤੇ ਇਸ ਤੋਂ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਜ਼ਮਾਨਤ ਅਰਜ਼ੀ ਵਾਪਸ ਲੈ ਲਈ।
ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਮਾਮਲੇ 'ਚ ਸੀਬੀਆਈ ਤੋਂ ਜਵਾਬ ਮੰਗਿਆ ਸੀ ਤੇ ਪੁੱਛਿਆ ਸੀ ਕਿ ਜੇ ਰਾਮ ਰਹੀਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਕੀ ਪ੍ਰਭਾਵ ਪਵੇਗਾ।