ਚੰਡੀਗੜ੍ਹ: 'ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ' ਸ੍ਰੀ ਗੁਰੂ ਰਾਮਦਾਸ ਜੀ ਵਲੋਂ ਸਿੱਖ ਧਰਮ ਨੂੰ ਵੱਖਰਾ ਰੂਪ ਦਿੱਤਾ ਗਿਆ ਤੇ ਪਰਮਾਤਮਾ ਦੇ ਨਾਂਅ ਦਾ ਜਾਪ ਕਰਨ ਦੀ ਸਿੱਖਿਆ ਦਿੱਤੀ। ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਨੂੰ ਚੂਨਾ ਮੰਡੀ, ਲਾਹੌਰ, ਪਾਕਿਸਤਾਨ ਵਿਖੇ ਹੋਇਆ ਸੀ। ਗੁਰੂ ਜੀ ਦਾ ਬਚਪਨ ਦਾ ਨਾਂਅ 'ਜੇਠਾ' ਸੀ।
ਸਿਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਬਖ਼ਸ਼ੇ ਮਾਰਗ ਅੱਗੇ ਸੀਸ ਝੁਕਾਈ।
ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਪਹਿਲਾਂ 'ਰਾਮਦਾਸਪੁਰ' ਅਤੇ ਉਸ ਤੋਂ ਪਹਿਲਾਂ 'ਗੁਰੂ ਕਾ ਚੱਕ' ਨਾਂਅ ਨਾਲ ਜਾਣੀ ਜਾਂਦੀ ਸੀ। ਅੰਮ੍ਰਿਤਸਰ ਦੇ ਸੰਸਥਾਪਕ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ। ਗੁਰੂ ਰਾਮਦਾਸ ਜੀ ਦਾ ਸਾਦਗੀ ਭਰਪੂਰ ਜੀਵਨ ਅਤੇ ਉਨ੍ਹਾਂ ਦੁਆਰਾ ਰਚਿਤ ਬਾਣੀ ਅੱਜ ਵੀ ਸਾਨੂੰ ਜਿੱਥੇ ਚੰਗੀ ਜੀਵਨ ਦੀ ਜਾਚ ਸਿਖਾਉਂਦੀ ਹੈ, ਉੱਥੇ ਹੀ ਸਾਡਾ ਮਾਰਗਦਰਸ਼ਨ ਵੀ ਕਰਦੀ ਹੈ। ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ।
ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ (ਰਾਮਦਾਸਪੁਰ) ਦੀ ਨੀਂਹ 1574 ਈ. ਵਿੱਚ ਰੱਖੀ। ਗੁਰੂ ਘਰ ਪ੍ਰਤੀ ਸੱਚੀ ਲਗਨ ਨੂੰ ਵੇਖਦਿਆਂ ਹੋਇਆ ਆਪ ਨੇ ਅਰਜਨ ਦੇਵ ਜੀ ਨੂੰ ਇੱਕ ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਅਤੇ ਇਸੇ ਦਿਨ ਹੀ ਆਪ ਜੋਤਿ-ਜੋਤ ਸਮਾ ਗਏ।
ਇਹ ਵੀ ਪੜ੍ਹੋ: ਡਿੱਗਦੀ ਅਰਥ ਵਿਵਸਥਾ 'ਤੇ ਮਨਮੋਹਨ ਸਿੰਘ ਨੇ ਜਤਾਈ ਚਿੰਤਾ, ਮੋਦੀ ਸਰਕਾਰ ਨੂੰ ਦਿੱਤੀ ਇਹ ਸਲਾਹ
ਗੁਰੂ ਜੀ ਦੀ ਰਚਿਤ ਬਾਣੀ ਵਿੱਚ ਸ਼ਬਦ, ਸਲੋਕ, ਘੋੜੀਆਂ, ਲਾਵਾਂ, ਕਰਹਲੇ ਅਤੇ ਵਾਰਾਂ ਸ਼ਾਮਲ ਹਨ। ਗੁਰੂ ਜੀ ਦੀ ਬਾਣੀ ਵਾਹਿਗੁਰੂ ਦਾ ਨਾਮ ਸਿਮਰਨ ਕਰਨ, ਚੰਗੇ ਕਰਮ ਕਰਨ, ਹਉਮੈ-ਹੰਕਾਰ ਨੂੰ ਤਿਆਗਣ ਦਾ ਸੰਦੇਸ਼ ਦਿੰਦੀ ਹੈ।