ਚੰਡੀਗੜ੍ਹ: ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਸੰਕਟ ਦੇ ਬਾਦਲ ਮਡਰਾਉਣੇ ਸ਼ੁਰੂ ਹੋ ਗਏ ਹਨ। ਖ਼ਜਾਨਾ ਮੰਤਰੀ ਤੋਂ ਵਿਰੋਧੀ ਹੁਣ ਅਸਤੀਫੇ ਦੀ ਮੰਗ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਬੀਤੇ ਦਿਨੀ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਸਿਰ ਪਿਛਲੇ 2 ਸਾਲਾਂ 'ਚ 47000 ਕਰੋੜ ਦਾ ਕਰਜ਼ਾ ਚੜ ਗਿਆ ਹੈ। ਸਿੱਧੂ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਅਕਾਲੀ ਦਲ ਪੁਰੀ ਤਰ੍ਹਾਂ ਸਰਗਰਮ ਹੋ ਗਿਆ ਅਤੇ ਹੁਣ ਅਕਾਲੀ ਦਲ ਨੇ ਮਨਪ੍ਰੀਤ ਬਾਦਲ 'ਤੇ ਆਰੋਪ ਲਗਾਏ ਹਨ ਕਿ ਉਨ੍ਹਾਂ ਵਿਧਾਨ ਸਭਾ ਦੀ ਮਰਿਆਦਾ ਭੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਦੀ ਗੱਲ 'ਤੇ ਯਕੀਨ ਕੀਤਾ ਜਾਵੇ ਤਾਂ ਇਹ ਸਾਫ ਹੁੰਦਾ ਹੈ ਕਿ ਕਾਂਗਰਸ ਨੇ ਪਿਛਲੇ 2 ਸਾਲਾਂ 'ਚ 47000 ਕਰੋੜ ਦਾ ਕਰਜ਼ਾ ਲਿਆ ਹੈ ਪਰ ਲੋਕਾਂ ਨੂੰ ਇਸਦੀ ਸੂਹ ਤੱਕ ਨਹੀਂ ਲੱਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਖ਼ਜਾਨਾ ਮੰਤਰੀ ਨੇ ਲੋਕਾਂ ਨੂੰ ਅਤੇ ਵਿਧਾਨ ਸਭਾ ਨੂੰ ਗੁਮਰਾਹ ਕੀਤਾ ਹੈ। ਜਿਸਦੇ ਚੱਲਦਿਆਂ ਮਨਪ੍ਰੀਤ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਮਜੀਠੀਆ ਨੇ ਕਿਹਾ ਕਿ ਗੱਲ 47000 ਕਰੋੜ ਦੀ ਨਹੀਂ ਹੈ ਪਰ ਜੇਕਰ ਇਸੇ ਦਰ ਨਾਲ ਕਰਜ਼ਾ ਵੱਧਦਾ ਰਿਹਾ ਤਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਕਰਜਾ ਵੱਧ ਕੇ 1,17000 ਕਰੋੜ ਹੋ ਜਾਵੇਗਾ। ਮਜੀਠੀਆ ਨੇ ਕਿਹਾ ਕਿ ਜੇਕਰ ਸਿੱਧੂ ਦੀ ਇਹ ਗੱਲ ਸਹੀ ਹੈ ਤਾਂ ਫਿਰ ਸਰਕਾਰ ਦੇ ਦਾਅਵਿਆਂ ਦੀ ਸੱਚਾਈ ਅਤੇ ਜ਼ਮੀਨੀ ਹਕੀਕਤ 'ਚ ਬਹੁਤ ਵੱਡਾ ਫਰਕ ਹੈ।