ਚੰਡੀਗੜ੍ਹ: ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਕਰਫਿਊ ਦੌਰਾਨ ਘਰ 'ਚ ਏਕਾਂਤਵਾਸ ਦੀ ਉਲੰਘਣਾ ਕਰਨ 'ਤੇ 107 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਡਿਊਟੀ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਬੰਦਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਭਰ ਵਿੱਚ ਪੁਲਿਸ ਟੀਮਾਂ ਰਾਹਤ ਕਾਰਜਾਂ ਵਿੱਚ ਵੀ ਨਿਰੰਤਰ ਜੁਟੀਆਂ ਹੋਈਆਂ ਹਨ ਅਤੇ ਲੋੜਵੰਦਾਂ ਅਤੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾ ਰਹੀਆਂ ਹਨ।
ਹੁਣ ਤੱਕ 1.42 ਕਰੋੜ ਤਿਆਰ ਤੇ ਸੁੱਕਾ ਭੋਜਨ ਪਰਵਾਸੀ ਮਜ਼ਦੂਰਾਂ, ਉਸਾਰੀ ਕਿਰਤੀਆਂ, ਦਿਹਾੜੀਦਾਰਾਂ ਅਤੇ ਇਸ ਔਖੀ ਘੜੀ ਵਿੱਚ ਵਸੀਲਿਆਂ ਤੋਂ ਮੁਥਾਜ ਹੋਰ ਲੋਕਾਂ ਨੂੰ ਵੰਡਿਆ ਜਾ ਚੁੱਕਾ ਹੈ।
ਇਸ ਦੌਰਾਨ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਮੌਜੂਦਾ ਸੰਕਟ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਹੱਥ ਵਧਾਇਆ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਤੋਂ ਬਾਅਦ ਹੁਣ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਵੀ ਸੂਬਾ ਸਰਕਾਰ ਨੂੰ ਕੋਵਿਡ-19 ਵਿਰੁੱਧ ਲੜਾਈ ਵਿੱਚ ਪੂਰਨ ਸਹਿਯੋਗ ਤੇ ਮਦਦ ਦੀ ਪੇਸ਼ਕਸ਼ ਕੀਤੀ ਹੈ।