ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਅਗਲੇ 3-4 ਹਫ਼ਤਿਆਂ ਵਿੱਚ ਮਸ਼ੀਨਾਂ ਨੂੰ ਖਰੀਦਣ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੈਬਿਨੇਟ ਦੇ ਮੰਤਰੀਆਂ ਨੂੰ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਈ ਫ਼ੈਸਲੇ ਲਏ ਗਏ ਅਤੇ ਇਨ੍ਹਾਂ ਫ਼ੈਸਲਿਆਂ ਵਿੱਚ ਸੂਬੇ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਉੱਤੇ ਵੀ ਚਰਚਾ ਹੋਈ।
ਮੁੱਖ ਮੰਤਰੀ ਕੈਪਟਨ ਨੇ ਫ਼ੈਸਲਾ ਲਿਆ ਹੈ ਕਿ ਸਰਕਾਰੀ ਕਾਲਜਾਂ ਦੀਆਂ ਵਾਇਰਲ ਟੈਸਟਿੰਗ ਲੈਬਾਂ ਵਿੱਚ 7 ਆਟੋਮੈਟਿਕ ਆਰ.ਐੱਨ.ਏ ਐਕਸਟ੍ਰੈਕਸ਼ਨ ਮਸ਼ੀਨਾਂ ਦੀ ਖ਼ਰੀਦਦਾਰੀ ਕੀਤੀ ਜਾਵੇਗੀ, ਜਿਸ ਨਾਲ ਸੂਬੇ ਵਿੱਚ ਕੋਰੋਨਾ ਦੇ ਟੈਸਟਾਂ ਦੀ ਸਮਰੱਥਾ ਮਜ਼ਬੂਤ ਹੋਵੇਗੀ।
ਸੂਬੇ ਦੇ ਪਟਿਆਲਾ, ਅੰਮ੍ਰਿਤਸਰ, ਫ਼ਰੀਦਕੋਟ ਦੇ ਸਰਕਾਰੀ ਕਾਲਜਾਂ ਵਿੱਚ ਅਤੇ ਇਸ ਤੋਂ ਇਲਾਵਾ ਮੁਹਾਲੀ, ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਕੋਰੋਨਾ ਟੈਸਟਿੰਗ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ।
ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਵਿੱਚ ਥਰਮੋਫਿਸ਼ਰ ਨਿਰਮਿਤ ਕਿੰਗਫਿਸ਼ਰ ਫਲੈਕਸ ਮਾਡਲ ਦੀਆਂ 7 ਆਟੋਮੈਟਿਕ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਦੀ ਖਰੀਦ ਸ਼ਾਮਲ ਹੋਵੇਗੀ। ਜਿਸ ਦਾ ਸਾਰਾ ਖ਼ਰਚਾ ਆਫ਼ਤ ਪ੍ਰਬੰਧਨ ਫ਼ੰਡ ਵਿੱਚੋਂ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਮਾਰਚ-2020 ਵਿੱਚ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਦੋ ਵਾਇਰਲ ਟੈਸਟਿੰਗ ਲੈਬਾਂ ਸਥਾਪਤ ਕੀਤੀਆਂ ਗਈਆਂ ਸਨ। ਤੀਸਰੀ ਵਾਇਰਲ ਟੈਸਟਿੰਗ ਲੈਬ ਅਪ੍ਰੈਲ-2020 ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿਖੇ ਸਥਾਪਤ ਕੀਤੀ ਗਈ।
ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਹੁਣ ਤੱਕ 11301 ਕੋਰੋਨਾ ਮਾਮਲੇ ਹਨ, ਜਿਨ੍ਹਾਂ ਵਿੱਚੋਂ 7,641 ਠੀਕ ਹੋਏ ਅਤੇ 269 ਲੋਕਾਂ ਦੀ ਮੌਤ ਹੋ ਚੁੱਕੀ ਹੈ।