ਚੰਡੀਗੜ੍ਹ: ਮਿੱਟੀ ਨਾਲ ਮਿੱਟੀ ਹੋਣ ਵਾਲਾ ਘੁਮਿਆਰ ਇੱਕ ਕਲਾਕਾਰ ਦੀ ਤਰ੍ਹਾਂ ਹੁੰਦਾ ਹੈ। ਜਿਸ ਗਿੱਲੀ ਮਿੱਟੀ ਤੋਂ ਅਕਸਰ ਲੋਕ ਤਿੱਲਕ ਕੇ ਡਿੱਗ ਜਾਂਦੇ ਹਨ, ਉਸ ਮਿੱਟੀ ਨੂੰ ਹੀ ਘੁਮਿਆਰ ਕਈ ਆਕਾਰ ਤੇ ਕਲਾਕ੍ਰੀਤੀਆਂ 'ਚ ਬਦਲ ਦਿੰਦਾ ਹੈ। ਪਰ ਅੱਜ ਇਹ ਕਲਾਕਾਰ ਕੋਰੋਨਾ ਦੀ ਮਾਰ ਸਹਿ ਰਿਹਾ ਹੈ ਤੇ ਤਿਉਹਾਰਾਂ 'ਤੇ ਆਸ ਲਾਈ ਬੈਠਾ ਹੈ। ਅਜਿਹੇ ਹੀ ਕੁਝ ਕਲਾਕਾਰ ਚੰਡੀਗੜ੍ਹ ਵਿੱਚ ਹਨ।
ਹਰ ਕੰਮ ਇੱਕੇ ਦੂਜੇ ਨਾਲ ਜੁੜੇ ਹੋਏ ਹਨ, ਜੇਕਰ ਲੋਕਾਂ ਦੀ ਕਮਾਈ ਹੋਵੇਗੀ ਤਾਂ ਹੀ ਲੋਕ ਬਜ਼ਾਰ 'ਚ ਜਾ ਕੇ ਖ਼ਰੀਦ ਕਰਨਗੇ। ਕੋਰੋਨਾ ਦਾ ਅਸਰ ਇਨ੍ਹਾਂ ਮਿੱਟੀ ਦੀਆਂ ਚੀਜ਼ਾਂ ਬਣਾਉਣ ਵਾਲੀਆਂ 'ਤੇ ਵੀ ਪਿਆ ਤੇ ਇਨ੍ਹਾਂ ਦੇ ਰੇਟਾਂ 'ਚ ਇਜਾਫ਼ਾ ਹੋਇਆ। ਘੁਮਿਆਰ ਅਮਰਦੀਪ ਨੇ ਦੱਸਿਆ ਕਿ ਤਾਲਾਬੰਦੀ ਨੇ ਕੰਮ ਤੇ ਵਿੱਤੀ ਕਮਰ ਤੋੜ ਕੇ ਰੱਖ ਦਿੱਤੀ ਹੈ। ਖ਼ਰੀਦ ਕਰਨ ਵਾਲੇ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ।
ਕਲਾ ਦੀ ਹੌਂਸਲਾ ਅਫਜ਼ਾਈ ਹੋਵੇਗੀ ਤਾਂ ਹੀ ਕਲਾਕਾਰ ਆਪਣੀ ਕਲਾ ਨੂੰ ਹੋਰ ਨਿਖਾਰੇਗਾ। ਇਨ੍ਹਾਂ ਘੁਮਿਆਰਾਂ ਦੀਆਂ ਦੁਕਾਨਾਂ ਸ਼ਹਿਰੋਂ ਦੂਰ ਹਨ ਜਿਸ ਕਰਕੇ ਗਾਹਕ ਇੰਨੀ ਦੂਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜਿਵੇਂ ਵੱਖ-ਵੱਖ ਚੀਜ਼ਾਂ ਦੇ ਅਲਗ-ਅਲਗ ਬਾਜ਼ਾਰ ਹੁੰਦੇ ਹਨ ਉਸੇ ਤਰ੍ਹਾਂ ਘੁਮਿਆਰਾਂ ਲਈ ਵੀ ਕੋਈ ਵੱਖਰਾ ਬਾਜ਼ਾਰ ਹੋਣਾ ਚਾਹੀਦਾ ਤਾਂ ਕਿ ਉਨ੍ਹਾਂ ਦੀ ਬਿਕਰੀ ਵਿੱਚ ਇਜਾਫ਼ਾ ਹੋ ਸਕੇ। ਦੱਸ ਦਈਏ ਕਿ ਸ਼ਹਿਰੋਂ ਦੂਰ ਹੋਣ ਕਰਕੇ ਵੀ ਗਾਹਕ ਘੱਟ ਆਉਂਦੇ ਹਨ।
ਕੋਰੋਨਾ ਦੀ ਮਹਾਂਮਾਰੀ ਨੇ ਤਿਉਹਾਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ। ਜਿਉਂ-ਜਿਉਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਇਨ੍ਹਾਂ ਦੀ ਆਸ ਵੱਧ ਰਹੀ ਹੈ ਕਿ ਸ਼ਾਇਦ ਆਉਂਦੇ ਤਿਉਹਾਰ ਕੋਈ ਚੰਗਾ ਸੁਨੇਹਾ ਲੈ ਕੇ ਆਉਣ।