ਨਵੀਂ ਦਿੱਲੀ: ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਅਚਾਰਿਆ ਬਾਲਕ੍ਰਿਸ਼ਨ ਤੇ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਲਈ ਮਹਿੰਗਾ ਪੈ ਸਕਦਾ ਹੈ। ਆਯੁਰਵੈਦਿਕ ਮੈਡੀਕਲ ਕਾਲਜ ਦੁਆਰਾ ਵੱਧ ਫੀਸਾਂ ਲੈਣ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਵਿੱਚ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਅਚਾਰਿਆ ਬਾਲਕ੍ਰਿਸ਼ਨ ਸਮੇਤ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਉਲੰਘਣਾ ਕਰਨ ਦਾ ਨੋਟਿਸ ਜਾਰੀ ਕਰਦਿਆਂ ਜਵਾਬ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਆਯੁਰਵੈਦਿਕ ਮੈਡੀਕਲ ਕਾਲਜ ਵਿਚ ਵਧੀਆਂ ਫੀਸਾਂ ਦਾ ਆਦੇਸ਼ ਰੱਦ ਹੋਣ ਤੋਂ ਬਾਅਦ ਵੀ ਵਿਦਿਆਰਥੀ ਤੋਂ ਵੱਧ ਫੀਸ ਲੈਣ ਅਤੇ ਵਿਦਿਆਰਥੀ ਨੂੰ ਫੀਸ ਨਾ ਵਾਪਸ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਸਖ਼ਤ ਫ਼ੈਸਲਾ ਲਿਆ ਹੈ। ਇਸ ਤਹਿਤ ਹਾਈ ਕੋਰਟ ਨੇ ਅਚਾਰਿਆ ਬਾਲਕ੍ਰਿਸ਼ਨ ਅਤੇ ਉਤਰਾਖੰਡ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ, ਮਾਧਵੀ ਗੋਸਵਾਮੀ ਅਤੇ ਪ੍ਰਿੰਸੀਪਲ ਡੀ ਐਨ ਸ਼ਰਮਾ, ਆਯੁਰਵੈਦਿਕ ਅਤੇ ਖੋਜ ਸੰਸਥਾਨ ਪਤੰਜਲੀ ਯੋਗਪੀਠ ਦੇ ਡਾਇਰੈਕਟਰ ਨੂੰ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਇਨ੍ਹਾਂ ਸਾਰਿਆਂ ਨੂੰ 3 ਹਫ਼ਤਿਆਂ ਦੇ ਅੰਦਰ ਅਦਾਲਤ ਵਿੱਚ ਆਪਣੇ ਜਵਾਬ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਰਾਜ ਸਰਕਾਰ ਨੇ ਆਯੁਰਵੈਦਿਕ ਮੈਡੀਕਲ ਕਾਲਜਾਂ ਵਿਚ ਫੀਸਾਂ 80 ਹਜ਼ਾਰ ਤੋਂ ਵਧਾ ਕੇ 2 ਲੱਖ 15 ਹਜ਼ਾਰ ਕਰ ਦਿੱਤੀਆਂ ਸਨ ਜਿਸ ਤੋਂ ਬਾਅਦ ਵਿਦਿਆਰਥੀ ਇਸ ਮਾਮਲੇ ਸਬੰਧੀ ਹਾਈ ਕੋਰਟ ਗਏ। ਪਿਥੌਰਗੜ੍ਹ ਦੇ ਰਹਿਣ ਵਾਲੇ ਸ਼ੁਭਮ ਪੰਤ ਸਮੇਤ ਹੋਰ ਵਿਦਿਆਰਥੀ ਨੇ ਨੈਨੀਤਾਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਇਸ ਸਾਲ 9 ਜੁਲਾਈ ਨੂੰ ਹਾਈ ਕੋਰਟ ਨੇ ਰਾਜ ਸਰਕਾਰ ਦੁਆਰਾ ਜਾਰੀ ਕੀਤੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ। ਰਾਜ ਸਰਕਾਰ ਦੇ ਆਦੇਸ਼ ਰੱਦ ਹੋਣ ਦੇ ਬਾਵਜੂਦ ਵੀ ਆਯੁਰਵੈਦਿਕ ਮੈਡੀਕਲ ਕਾਲਜ ਵਿਦਿਆਰਥੀਆਂ ਤੋਂ ਵੱਧ ਫੀਸ ਲੈ ਰਿਹਾ ਹੈ।
ਇਹ ਵੀ ਪੜੋ: ਕਮਲੇਸ਼ ਤਿਵਾੜੀ ਕਤਲ ਮਾਮਲਾ: ਮੁਲਜ਼ਮ ਅਸ਼ਫਾਕ ਅਤੇ ਮੋਇਨੂਦੀਨ ਗ੍ਰਿਫ਼ਤਾਰ
ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਸੀ ਫੀਸ ਨਿਰਧਾਰਤ ਕਰਨ ਦਾ ਅਧਿਕਾਰ ਸਿਰਫ ਰੈਗੂਲੇਸ਼ਨ ਕਮੇਟੀ ਨੂੰ ਹੈ ਪਰ ਅਦਾਲਤ ਦੇ ਆਦੇਸ਼ ਦੇ ਬਾਵਜੂਦ ਕਾਲਜ ਵਿਦਿਆਰਥੀਆਂ ਤੋਂ ਵੱਧ ਫੀਸਾਂ ਲੈ ਰਹੇ ਹਨ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਜਿਸ 'ਤੇ ਸੁਣਵਾਈ ਕਰਦਿਆਂ ਨੈਨੀਤਾਲ ਹਾਈ ਕੋਰਟ ਦੇ ਜੱਜ ਮਨੋਜ ਕੁਮਾਰ ਤਿਵਾੜੀ ਦੇ ਸਿੰਗਲ ਬੈਂਚ ਨੇ ਅਚਾਰਿਆ ਬਾਲਕ੍ਰਿਸ਼ਨ ਅਤੇ ਆਯੁਰਵੈਦਿਕ ਮੈਡੀਕਲ ਕਾਲਜ ਦੇ ਰਜਿਸਟਰਾਰ ਨੂੰ ਉਲੰਘਣਾ ਕਰਨ ਦਾ ਨੋਟਿਸ ਜਾਰੀ ਕਰਦਿਆ 3 ਹਫ਼ਤਿਆਂ ਦੇ ਅੰਦਰ-ਅੰਦਰ ਫੀਸ ਵਾਪਸ ਕਰਨ ਲਈ ਨੋਟਿਸ ਜਾਰੀ ਕੀਤਾ ਹੈ।