ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਕਮਰ ਕੱਸ ਲਈ ਹੈ। ਈਟੀਵੀ ਭਾਰਤ ਨਾਲ ਮੌਨਸੂਨ ਸੈਸ਼ਨ ਬਾਰੇ ਖ਼ਾਸ ਗੱਲਬਾਤ ਕਰਦੀਆਂ ਕਾਂਗਰਸ ਪਾਰਟੀ ਦੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਪਾਰਟੀ ਕਿਹੜੇ ਮੁੱਦਿਆਂ 'ਤੇ ਗੱਲ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ ਹਰੇਕ ਮੰਤਰੀ ਨੇ ਚਰਚਾ ਕਰਨੀ ਹੈ।
ਵਿਰੋਧੀ ਧਿਰ ਬਾਰੇ ਗੱਲ ਕਰਦੇ ਹੋਏ ਜ਼ੀਰਾ ਨੇ ਕਿਹਾ ਕਿ ਵਿਰੋਧੀ ਧਿਰ ਆਪ ਹੀ ਖੇਰੂ-ਖੇਰੂ ਹੋ ਗਈ ਹੈ, ਉਹ ਪੰਜਾਬ ਦੀ ਗੱਲ ਕੀ ਕਰਨਗੇ। ਜੇ ਮੰਤਰੀਆਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨੀ ਹੈ 'ਤੇ ਪਹਿਲਾਂ ਵਿਰੋਧੀ ਧਿਰ ਇਕਜੁੱਟ ਹੋਵੇ ਫਿਰ ਕਾਂਗਰਸ ਪਾਰਟੀ ਨੂੰ ਘੇਰਨ ਦੀ ਗੱਲ ਕਰਨ। ਦੂਜੇ ਪਾਸੇ ਅਕਾਲੀ ਦਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਨਸ਼ੇ ਦੇ ਮਾਮਲੇ 'ਤੇ ਨਾ ਹੀ ਬੋਲਣ ਦਾ ਚੰਗਾ ਹੋਵੇਗਾ।
ਉਨ੍ਹਾਂ ਕਿਹਾ ਕਿ ਕੈਮਰੇ ਦੇਖ ਕੇ ਸੁਖਪਾਲ ਸਿੰਘ ਖਹਿਰਾ, ਬਿਕਰਮ ਸਿੰਘ ਮਜੀਠੀਆ ਤੇ ਸਿਮਰਜੀਤ ਸਿੰਘ ਬੈਂਸ ਆਪ ਹੀ ਬਾਹਰ ਹੋ ਜਾਂਦੇ ਹਨ ਤੇ ਉਹ ਪੰਜਾਬ ਦੇ ਮੁੱਦੇ ਕੀ ਚੁੱਕਣਗੇ। ਜ਼ੀਰਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਤੇ ਕੰਮ ਵੀ ਕੀਤਾ ਹੈ। ਇਸ ਲਈ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਜਿਹੜੇ ਮੁੱਦੇ ਚੁੱਕਣ ਯੋਗ ਹੋਣਗੇ ਉਹ ਵਿਧਾਨ ਸਭਾ ਦੇ ਵਿੱਚ ਚੁੱਕੇ ਜਾਣਗੇ।