ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਔਰਤ ਦੀ ਨਿਰਾਦਰੀ ਵਾਲੀ ਕੀਤੀ ਟਿੱਪਣੀ ਉਤੇ ਉਸ ਨੂੰ ਆੜੇ ਹੱਥੀ ਲੈਂਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਆਪਣਾ ਦਿਮਾਗੀ ਤਵਾਜਨ ਗੁਆ ਲਿਆ ਹੈ, ਜਿਸ ਕਾਰਨ ਬੁਖਲਾਹਟ ਵਿੱਚ ਆਪਹੁਦਰੀਆਂ ਤੇ ਅਸੱਭਿਅਕ ਟਿੱਪਣੀਆਂ ਉਤੇ ਉਤਰ ਆਇਆ ਹਨ।
ਪੰਜਾਬ ਦੇ ਕੈਬਿਨੇਟ ਮੰਤਰੀਆਂ ਸੁਖਜਿੰਦਰ ਰੰਧਾਵਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮਜੀਠੀਆ ਮਰਿਆਦਾਵਾਂ ਦੀ ਉਲੰਘਣਾ ਦੀ ਜਿਉਂਦੀ ਜਾਗਦੀ ਉਦਾਹਰਨ ਹੈ, ਜਿਸ ਨੇ ਆਪਣੇ ਬਿਆਨ ਵਿੱਚ ਔਰਤ ਜਾਤੀ ਦਾ ਵੀ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਲਈ ਅੱਜ ਮਜੀਠੀਆ ਇਥੋਂ ਤੱਕ ਗਿਰ ਗਏ ਕਿ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦਾ ਨਿਰਾਦਰ ਕਰਨ ਲਈ ਅਸੱਭਿਅਕ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਆਗੂ ਦਾ ਅਪਮਾਨ ਨਹੀਂ ਬਲਕਿ ਸਮੁੱਚੀ ਔਰਤ ਜਾਤੀ ਦਾ ਅਪਮਾਨ ਹੈ। ਉਨ੍ਹਾਂ ਅਕਾਲੀ ਦਲ ਦੀਆਂ ਮਹਿਲਾ ਲੀਡਰਾਂ ਨੂੰ ਇਸ ਮਾਮਲੇ ਉਤੇ ਸਥਿਤੀ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਕੀ ਉਹ ਰਾਜਸੀ ਵਿਰੋਧ ਦੇ ਚੱਲਦਿਆਂ ਔਰਤ ਜਾਤੀ ਉਤੇ ਅਜਿਹੇ ਦੋਸ਼ ਲਾਉਣ ਦੇ ਹੱਕ ਵਿੱਚ ਹਨ?
ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਕਿਹਾ ਕਿ ਮਜੀਠੀਆ ਨੇ ਆਪਹੁਦਰੇ 'ਤੇ ਮਰਿਆਦਾਵਾਂ ਦੀਆਂ ਉਲੰਘਣਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤਾਂ ਪਹਿਲਾਂ ਹੀ ਮਜੀਠੀਆ ਦੇ ਇਸ ਵਿਵਹਾਰ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਜਿਸ ਆਗੂ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਹੋਵੇ, ਉਸ ਕੋਲੋਂ ਮਰਿਆਦਾਵਾਂ ਦੇ ਪਾਲਣ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਂਗਰਸੀ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਰਿਸ਼ਤੇਦਾਰ ਦੀ ਇਸ ਟਿੱਪਣੀ ਲਈ ਮੁਆਫੀ ਮੰਗਣ ਲਈ ਵੀ ਕਿਹਾ।