ਚੰਡੀਗੜ੍ਹ ਡੈਸਕ: ਪਾਣੀਆਂ ਦੀ ਧਰਤੀ ਪੰਜਾਬ ਨੂੰ ਹੁਣ ਵਾਧੂ ਪਾਣੀ ਮਾਰ ਪਾ ਰਿਹਾ ਹੈ ਅਤੇ ਡੁੱਬਣ ਕਿਨਾਰੇ ਪੰਜਾਬ ਦੇ ਕਈ ਜ਼ਿਲ੍ਹੇ ਪਹੁੰਚੇ ਨੇ। ਇਸ ਦਰਮਿਆਨ ਸਮਾਣਾ ਤੋਂ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਉਤਰੇ ਸਿਆਸਤਦਾਨ ਇੱਕ-ਦੂਜੇ ਦੇ ਆਹਮੋ ਸਾਹਮਣੇ ਹੋ ਗਏ।
ਜੋੜਾਮਾਜਰਾ ਅਤੇ ਜੈਇੰਦਰ ਕੌਰ ਵਿਚਾਲੇ ਤਕਰਾਰ: ਦੱਸ ਦਈਏ ਕਿ ਪਟਿਆਲਾ ਦੇ ਕਸਬਾ ਸਮਾਣਾ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਅਤੇ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਇਹ ਘਟਨਾ ਕਿਸ਼ਤੀ ਮੰਗਣ ਨੂੰ ਲੈ ਕੇ ਵਾਪਰੀ। ਦਰਅਸਲ ਜੈਇੰਦਰ ਕੌਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕਨ ਲਈ ਮੰਤਰੀ ਜੋੜਾ ਮਾਜਰਾ ਤੋਂ ਕਿਸ਼ਤੀ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਕਿਸ਼ਤੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ । ਉਨ੍ਹਾਂ ਇਸ ਸਬੰਧੀ ਡੀਸੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਲਸਾ ਏਡ ਨੂੰ ਵੀ ਫੋਨ ਕੀਤਾ। ਦੂਜੇ ਪਾਸੇ ਮੰਤਰੀ ਜੋੜਾਮਾਜਰਾ ਦਾ ਕਹਿਣਾ ਹੈ ਕਿ ਜੈਇੰਦਰ ਕੌਰ ਇਸ ਨਾਜ਼ੁਕ ਸਮੇਂ ਵਿੱਚ ਵੀ ਰਾਜਨੀਤੀ ਕਰ ਰਹੇ ਨੇ ਜਿਸ ਨੂੰ ਲੋਕ ਚੰਗੀ ਤਰ੍ਹਾਂ ਸਮਝ ਰਹੇ ਨੇ। ਦੂਜੇ ਪਾਸੇ ਸਿਆਸਤਦਾਨਾਂ ਦੀ ਇਸ ਨੋਕ-ਝੋਕ ਉੱਤੇ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਸੋਸ਼ਲ ਮੀਡੀਆ ਉੱਤੇ ਕਰ ਰਹੇ ਨੇ।
- ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੁਧਾਰੂ ਪਸ਼ੂਆਂ 'ਚ ਮਹਾਮਾਰੀ ਫੈਲਣ ਦਾ ਖ਼ਤਰਾ, ਕਿਵੇਂ ਕੀਤਾ ਜਾਵੇ ਪਸ਼ੂਆਂ ਦਾ ਬਚਾਅ, ਜਾਣੋ ਖ਼ਾਸ ਰਿਪੋਰਟ ਰਾਹੀਂ
- ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਖੁਦ ਹੜ੍ਹਾਂ ਦੇ ਪਾਣੀ ਵਿੱਚ ਉੱਤਰੇ
- ਸੀਐੱਮ ਮਾਨ ਦੀ ਵਿਰੋਧੀਆਂ ਨੂੰ ਦੋ ਟੁੱਕ, ਕਿਹਾ-ਫਿਲਹਾਲ ਕਰ ਰਿਹਾ ਹੜ੍ਹ ਪੀੜਤਾਂ ਦੀ ਮਦਦ, ਤੁਹਾਡੇ ਨਾਲ ਮੁੜ ਕੇ ਕਰਾਂਗੇ ਸਿਆਸਤ ਦੀ ਗੱਲ
ਹੜ੍ਹ ਪੀੜਤਾਂ ਦੀ ਮਦਦ ਲਈ ਉਪਰਾਲੇ: ਦੱਸ ਦਈਏ ਕਿ ਪੰਜਾਬ ਦੇ 14 ਜ਼ਿਲ੍ਹੇ ਇਸ ਵਕਤ ਹੜ੍ਹ ਦੀ ਮਾਰ ਹੰਢਾ ਰਹੇ ਨੇ ਅਤੇ ਜਾਨੀ-ਮਾਲੀ ਨੁਕਸਾਨ ਵੀ ਵੱਡੇ ਪੱਧਰ ਉੱਤੇ ਝੱਲ ਰਹੇ ਨੇ। ਪਾਣੀ ਦੀ ਮਾਰ ਨੂੰ ਵੇਖਦਿਆਂ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ 17 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਉੱਥੇ ਹੀ ਸੂਬੇ ਵਿੱਚ ਲੋਕਾਂ ਦੀ ਮਦਦ ਲਈ ਐੱਨਡੀਆਰਐੱਫ ਅਤੇ ਆਰਮੀ ਦੀ ਵੀ ਮਦਦ ਲਈ ਜਾ ਰਹੀ। ਇਸ ਵਿਚਾਲੇ ਭਾਖੜਾ ਬਿਆਸ ਡੈਮ ਪ੍ਰਬੰਧਨ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਸੂਬੇ ਵਿੱਚ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ ਉੱਥੇ ਹੀ ਇਹ ਵੀ ਕਿਹਾ ਹੈ ਕਿ ਇਸ ਔਖੇ ਵੇਲੇ ਉਹ ਪੰਜਾਬੀਆਂ ਦੇ ਨਾਲ ਡਟ ਕੇ ਖੜ੍ਹੇ ਨੇ।