ਚੰਡੀਗੜ੍ਹ: ਬੀਤੇ ਸ਼ਨਿੱਚਰਵਾਰ ਤੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸੈਂਕੜੇ ਸਾਥੀਆਂ ਖ਼ਿਲਾਫ਼ ਪੁਲਿਸ ਵੱਲੋਂ ਜੰਗੀ ਪੱਧਰ ਉੱਤੇ ਮੁਹਿੰਮ ਵਿੱਢੀ ਗਈ ਹੈ। ਇਸ ਪੂਰੇ ਮਾਮਲੇ ਉੱਤੇ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕਈ ਮਹੀਨਿਆਂ ਤੋਂ ਪੰਜਾਬ ਦੇ ਅੰਦਰ ਕੁੱਝ ਲੋਕ ਸ਼ਾਂਤੀ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਅਤੇ ਦੇਸ਼ ਵਿਰੋਧੀ ਬਿਆਨ ਦੇ ਰਹੇ ਸਨ। ਸੀਐੱਮ ਮਾਨ ਨੇ ਕਿਹਾ ਕਿ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਦੇਸ਼ ਵਿਰੋਧੀ ਤਾਕਤਾਂ ਨੂੰ ਪੰਜਾਬ ਵਿੱਚ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।
ਲੋਕਾਂ ਨੇ ਕੀਤੀ ਹਿਮਾਇਤ: ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਲੈਕੇ ਪੰਜਾਬ ਵਿੱਚ ਨੌਜਵਾਨਾਂ ਦੇ ਮਾਪੇ ਬਹੁਤ ਹੀ ਪਰੇਸ਼ਾਨ ਸਨ ਅਤੇ ਉਹ ਖੁੱਦ ਇਸ ਵਰਤਾਰੇ ਨੂੰ ਰੋਕਣ ਲਈ ਵਾਰ-ਵਾਰ ਫੋਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਕੀਤੇ ਗਏ ਇਸ ਐਕਸ਼ਨ ਨੂੰ ਲੈਕੇ ਨੌਜਵਾਨਾਂ ਦੇ ਮਾਪੇ ਖੁਸ਼ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਨੌਜਵਾਨਾਂ ਦੇ ਹੱਥ ਵਿੱਚ ਚੰਗੀਆਂ ਕਿਤਾਬਾਂ, ਰੁਜ਼ਗਾਰ ਅਤੇ ਤਰੱਕੀਆਂ ਫੜ੍ਹਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਹੱਥਾਂ ਵਿੱਚ ਕਦੇ ਵੀ ਗੈਰ ਸਮਾਜਿਕ ਮਾਰੂ ਹਥਿਆਰ ਨਹੀਂ ਆਉਣ ਦੇਵੇਗੀ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ।
ਪੰਜਾਬੀਆਂ ਦਾ ਕੀਤਾ ਧੰਨਵਾਦ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਖ਼ਿਲਾਫ਼ ਕੀਤੀ ਕਾਰਵਾਈ ਦੌਰਾਨ ਪੰਜਾਬ ਵਾਸੀਆਂ ਨੇ ਕਿਤੇ ਵੀ ਕੋਈ ਹਿੰਸਾ ਨਹੀਂ ਫੈਲਾਈ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਕਾਰਵਾਈ ਤੋਂ ਖੁਸ਼ ਨੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਕਦੇ ਵੀ ਧਰਮ ਦੀ ਸਿਆਸਤ ਨਹੀਂ ਕਰਦੀ। ਉਨ੍ਹਾਂ ਕਿਹਾ ਆਪ ਸਰਕਾਰ ਨੇ ਹਮੇਸ਼ਾ ਸਕੂਲ, ਹਸਪਤਾਲ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਸਿਆਸਤ ਕੀਤੀ ਹੈ। ਉਨ੍ਹਾਂ ਦੋਹਰਾਇਆ ਹੈ ਕਿ ਦੇਸ਼ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਐਕਸ਼ਨ ਹੋਵੇਗਾ ਅਤੇ ਜੇਕਰ ਕੋਈ ਵੀ ਦੇਸ਼ ਵਿਰੋਧੀ ਹਰਕਤਾਂ ਕਰਨ ਦਾ ਸੁਫ਼ਨਾ ਵੀ ਲੈਂਦਾ ਹੈ ਤਾਂ ਉਹ ਨਤੀਜਾ ਭੁਗਤਣ ਲਈ ਤਿਆਰ ਰਹੇ। ਸੀਐੱਮ ਮਾਨ ਨੇ ਕਿਹਾ ਪੰਜਾਬ ਹਰ ਪੱਖ ਤੋਂ ਦੇਸ਼ ਦਾ ਨੰਬਰ ਇੱਕ ਸੂਬਾ ਸੀ ਅਤੇ ਅੱਜ ਵੀ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਪੰਜਾਬੀ ਦੇਸ਼ ਦੀ ਰਾਖੀ ਲਈ ਬਾਰਡਰਾਂ ਉੱਤੇ ਤਾਇਨਾਤ ਨੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਲਕੁੱਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸੂਬਾ ਸੁਰੱਖਿਅਤ ਹੱਥਾਂ ਵਿੱਚ ਹੈ।
ਇਹ ਵੀ ਪੜ੍ਹੋ: Internet services in Punjab: ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਵੱਡਾ ਫੈਸਲਾ, ਜਾਣੋ ਕਿੱਥੇ ਚੱਲੇਗਾ ਇੰਟਰਨੈੱਟ ਤੇ ਕਿੱਥੇ ਰਹੇਗਾ ਬੰਦ