ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਮਨ ਅਰੋੜਾ ਸਮੇਤ ਪਾਰਟੀ ਦੇ 10 ਆਗੂਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈ ਕੋਰਟ ਨੇ ਇਨ੍ਹਾਂ ਆਗੂਆਂ ਖ਼ਿਲਾਫ਼ ਦਰਜ ਐਫਆਈਆਰ ’ਤੇ ਕਾਰਵਾਈ ’ਤੇ 19 ਮਈ ਤੱਕ ਰੋਕ ਲਾ ਦਿੱਤੀ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਵੀ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਅਦਾਲਤ ਨੇ ਜਵਾਬ ਮੰਗਿਆ ਹੈ।
ਇਹ ਹੈ ਮਾਮਲਾ: ਦਰਅਸਲ ਸਾਲ 2020 'ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ ਆਦਿ ਨੇ ਬਿਜਲੀ ਦਰਾਂ 'ਚ ਕੀਤੇ ਵਾਧੇ ਖਿਲਾਫ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਪੁਲਿਸ ਨਾਲ ਝੜਪ ਵੀ ਹੋਈ। ਇਸ ਮਗਰੋਂ ਚੰਡੀਗੜ੍ਹ ਪੁਲੀਸ ਨੇ ਭਗਵੰਤ ਮਾਨ ਸਮੇਤ ਇਨ੍ਹਾਂ ਸਾਰੇ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਸਾਬਕਾ ਸਪੀਕਰ ਰਾਣਾ ਕੇਪੀ ਨੂੰ ਸੰਮਨ ਜਾਰੀ: ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਸਪੀਕਰ ਰਾਣਾ ਕੇਪੀ ਨੂੰ ਵੀ ਰੋਪੜ ਅਦਾਲਤ ਵੱਲੋਂ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਰਾਣਾ ਕੇਪੀ ਵਿਰੁੱਧ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਨੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ। ਇਹ ਮਾਮਲੇ ਪਿਛਲੇ ਸਾਲ 22 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਦਰਜ ਕਰਵਾਇਆ ਗਿਆ ਸੀ। ਰਾਣਾ ਕੇਪੀ ਉੱਤੇ ਹਰਜੋਤ ਬੈਂਸ ਤੇ ਉਸ ਦੇ ਪਿਤਾ ਨੂੰ ਲੈ ਕੇ ਗ਼ਲਤ ਬਿਆਨਬਾਜ਼ੀ ਕਰਨ ਦੇ ਦੋਸ਼ ਲੱਗੇ ਸਨ। ਇਸੇ ਮਾਮਲੇ ਵਿੱਚ ਮਈ ਮਹੀਨੇ ਵਿੱਚ ਰਾਣਾ ਕੇਪੀ ਨੂੰ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।