ਚੰਡੀਗੜ੍ਹ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਮਾਮਲੇ ਉੱਤੇ ਰਾਜੋਆਣਾ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੰਤਿਮ ਫੈਸਲਾ ਕੇਂਦਰੀ ਗ੍ਰਹਿ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਮਾਮਲਾ 2012 ਤੋਂ ਲਟਕਦਾ ਆ ਰਿਹਾ ਹੈ।
ਦੱਸ ਦਈਏ ਮਰਹੂਮ ਮੁੱਖ ਮੰਤਰੀ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਪਿਛਲੇ 27 ਸਾਲਾਂ ਤੋਂ ਜੇਲ੍ਹ ਅੰਦਰ ਬੰਦ ਹੈ ਅਤੇ ਉਸ ਨੂੰ ਇਸ ਸਜ਼ਾ ਦੇ ਦਰਮਿਆਨ ਪੈਰੋਲ ਵੀ ਮਹਿਜ਼ ਕੁੱਝ ਘੰਟਿਆਂ ਜਾ ਅੱਧੇ ਦਿਨ ਲਈ ਹੀ ਮਿਲੀ ਹੈ। ਰਾਜੋਆਣਾ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਦੀ ਰਹਿਮ ਅਪੀਲ 2012 ਤੋਂ ਪੈਂਡਿੰਗ ਹੈ ਜੋ ਕਿ 11 ਸਾਲ ਦਾ ਲੰਬਾ ਵਕਫਾ ਹੈ। ਰਾਜੋਆਣਾ ਨੇ ਕਿਹਾ ਕਿ ਉਸ ਦੀ ਅਪੀਲ ਉੱਤੇ ਪਿਛਲੇ 11 ਸਾਲ ਤੋਂ ਸੁਣਵਾਈ ਨਾ ਹੋਣਾ ਇੱਕ ਦੇਸ਼ਵਾਸੀ ਦੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ। ਰਾਜੋਆਣਾ ਨੇ ਆਪਣੀ ਪਟੀਸ਼ਨ 'ਚ ਦੇਸ਼ ਦੀ ਸੁਪਰੀਮ ਸੰਸਥਾ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਉਸ ਦੀ ਰਹਿਮ ਦੀ ਅਪੀਲ ਉੱਤੇ ਫੈਸਲਾ ਨਹੀਂ ਹੁੰਦਾ ਤਾਂ ਬਦਲ ਵਜੋਂ ਉਸ ਨੂੰ ਉਦੋਂ ਤੱਕ ਪੈਰੋਲ 'ਤੇ ਰਿਹਾਅ ਕੀਤਾ ਜਾ ਸਕਦਾ ਹੈ।
ਕੌਣ ਹੈ ਬਲਵੰਤ ਸਿੰਘ ਰਾਜੋਆਣਾ: ਬਲਵੰਤ ਸਿੰਘ ਰਾਜੋਆਣਾ ਕੌਣ ਹੈ ਇਹ ਜਾਣਨਾ ਵੀ ਜ਼ਰੂਰੀ ਹੈ। ਰਾਜੋਆਣਾ ਦੇ ਰੋਲ ਤੋਂ ਪਹਿਲਾਂ ਦੱਸ ਦਈਏ ਕਿ 31 ਅਗਸਤ 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਕੱਤਰੇਤ ਦੇ ਬਾਹਰ ਆਪਣੀ ਕਾਰ ਵਿੱਚ ਬੈਠੇ ਸਨ। ਉਦੋਂ ਹੀ ਇਕ ਖਾਲਿਸਤਾਨੀ ਮਨੁੱਖੀ ਬੰਬ ਬਣ ਕੇ ਉੱਥੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਧਮਾਕਾ ਕਰਕੇ ਉਡਾ ਲਿਆ। ਇਸ ਦੇ ਨਾਲ ਹੀ ਜ਼ਬਰਦਸਤ ਧਮਾਕੇ ਵਿੱਚ ਮੁੱਖ ਮੰਤਰੀ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੇ ਨਾਲ 16 ਹੋਰ ਲੋਕ ਵੀ ਮਾਰੇ ਗਏ। ਇਸ ਹਮਲੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ। ਇਸ ਨੂੰ ਤਿਆਰ ਕਰਨ ਅਤੇ ਆਤਮਘਾਤੀ ਹਮਲਾਵਰ ਬਣਾਉਣ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਹੱਥ ਸੀ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਵਿੱਚ ਜੰਮਿਆ ਬਲਵੰਤ 1987 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ । ਕਿਹਾ ਜਾਂਦਾ ਹੈ ਕਿ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਦਿਲਾਵਰ ਮਾਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਬਲਵੰਤ ਇਹ ਜ਼ਿੰਮੇਵਾਰੀ ਨਿਭਾਏਗਾ।
ਸੀਬੀਆਈ ਨੇ ਸੁਣਾਈ ਫਾਂਸੀ ਦੀ ਸਜ਼ਾ: ਬੇਅੰਤ ਸਿੰਘ ਦੇ ਕਤਲ ਨੂੰ ਜਾਇਜ਼ ਠਹਿਰਾਉਂਦੇ ਹੋਏ ਬਲਵੰਤ ਨੇ 1996 ਵਿੱਚ ਅਦਾਲਤ ਵਿਚ ਕਿਹਾ ਸੀ, 'ਜੱਜ ਸਾਹਿਬ ਬੇਅੰਤ ਸਿੰਘ ਹਜ਼ਾਰਾਂ ਬੇਗੁਨਾਹਾਂ ਦੀਆਂ ਜਾਨਾਂ ਲੈ ਕੇ ਆਪਣੇ ਆਪ ਨੂੰ ਮਸੀਹਾ ਅਤੇ ਗੁਰੂ ਗੋਬਿੰਦ ਸਿੰਘ ਅਤੇ ਰਾਮ ਜੀ ਵਰਗਾ ਸਮਝਣ ਲੱਗ ਪਿਆ ਸੀ। ਇਸ ਲਈ ਮੈਂ ਇਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਬਲਵੰਤ ਨੇ ਅੱਗੇ ਕਿਹਾ ਕਿ ਉਸ ਨੇ ਅਜਿਹਾ ਸਿੱਖ ਵਿਰੋਧੀ ਦੰਗਿਆਂ ਵਿੱਚ ਨੌਜਵਾਨ ਸਿੱਖਾਂ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਸੀ। ਬਲਵੰਤ ਨੂੰ ਪੁਲਿਸ ਨੇ 1995 ਵਿੱਚ ਬੇਅੰਤ ਸਿੰਘ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। 2007 ਵਿੱਚ ਸੀਬੀਆਈ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਰਾਜੋਆਨਾ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302/307/120-ਬੀ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3 ਅਤੇ 4 ਦੇ ਤਹਿਤ ਸਜ਼ਾਯੋਗ ਅਪਰਾਧਾਂ ਲਈ ਮੁਕੱਦਮਾ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ: List of 100 influential sikhs: ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿੱਚ ਸ਼ਾਮਲ ਹੋਈਆਂ ਪੰਜਾਬ ਦੀਆਂ ਇਹ ਸ਼ਖ਼ਸੀਅਤਾਂ, ਜਾਣੋ ਸਿਖਰ ’ਤੇ ਕੌਣ