ਚੰਡੀਗੜ੍ਹ :ਸਮੂਹ ਸਵੱਛ ਕਰਮਚਾਰੀ ਸੰਘ ਦੇ ਮੁਲਾਜ਼ਮਾਂ ਨੇ ਠੇਕਾ ਖ਼ਤਮ ਕਰਨ ਤੇ ਬਰਾਬਰ ਕੰਮ ਕਰਨ ਦੇ ਪੂਰੇ ਪੈਸੇ ਨਾ ਦੇਣ ਦੇ ਰੋਸ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਸੰਸਦ ਕਿਰਨ ਖੇਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਪ੍ਰਸ਼ਾਸਨ, ਪੀਜੀਆਈ ਤੇ ਐੱਮਸੀ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਤੇ ਆਉਟਸੋਰਸਿੰਗ ਕਰਮਚਾਰੀਆਂ ਦੀਆਂ ਮੰਗਾਂ ਨਾ ਪੁਰੀਆਂ ਹੋਣ ਕਰਕੇ ਚੰਡੀਗੜ੍ਹ ਵਿੱਚ ਕੈਂਡਲ ਮਾਰਚ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨਵੀਂ ਪੋਸਟਾਂ ਕੱਢ ਰਹੀ ਹੈ ਪਰ ਜਿਹੜੇ 20-20 ਸਾਲਾਂ ਤੋਂ ਉੱਥੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ, ਜੋ ਕਿ ਕਾਫ਼ੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਆਉਟਸੋਰਸਿੰਗ ਮੁਲਾਜ਼ਮਾਂ ਦੀ ਥਾਂ ਤੇ ਨਵੇਂ ਵਰਕਰ ਭਰਤੀ ਕਰ ਰਹੀ ਹੈ।
ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਜਿਸ ਗੁੱਸੇ ਨੂੰ ਇੱਕ ਮੋਮਬੱਤੀ ਮਾਰਚ ਰਾਹੀਂ ਪੇਸ਼ ਕੀਤਾ ਗਿਆ। ਇਸ ਰੋਸ ਵਿੱਚ ਪ੍ਰਸ਼ਾਸਨ ਦੀਆਂ ਅੱਖਾਂ ਨੂੰ ਖੋਲ੍ਹਣਾ ਹੈ ਕਿ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਮੰਗਾਂ ਨੂੰ ਦੱਸਦਿਆਂ ਕਿਹਾ ਕਿ ਮਿਡ-ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਡੀ.ਸੀ. ਰੇਟ 'ਤੇ ਆਮਦਨ ਦੇਣੀ ਚਾਹੀਦੀ ਹੈ ਤੇ ਡਾਕਟਰੀ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਾਰੇ ਮੁਲਾਜ਼ਮਾਂ ਨੂੰ ਏਐਲਸੀ ਦੀ ਥਾਂ ਡੀ.ਸੀ ਰੇਟਾਂ ਦੀ ਤਨਖ਼ਾਹ ਦੇਣੀ ਚਾਹੀਦੀ ਹੈ।