ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਸੂਬੇ ਵਿੱਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਤੋਂ ਨਜਿੱਠਣ ਲਈ ਚੁੱਕੇ ਗਏ ਹੰਗਾਮੀ ਕਦਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ, ਪੁਲਿਸ ਮੁਖੀ, ਮਿਉਂਸਪਲ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਮੈਡੀਕਲ ਮਾਹਿਰਾਂ ਨਾਲ ਲਗਾਤਾਰ ਵਧ ਰਹੇ ਕੇਸਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮਾਂ ਬਾਰੇ ਸਲਾਹ ਮੰਗੀ। ਇਸ ਦੌਰਾਨ ਉਨ੍ਹਾਂ ਨੇ ਹਿਦਾਇਤ ਦਿੱਤੀ ਕਿ ਉਹ ਹਫਤੇ ਦੇ ਸਾਰੇ ਦਿਨ੍ਹਾਂ ਲਈ ਸਾਰੇ ਹਸਪਤਾਲਾਂ ਚ ਕੋਵਿਡ-19 ਟੀਕਾਕਰਨ ਕਰਨ ਅਤੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸਹੂਲਤਾਂ ਨੂੰ ਵੀ ਟੀਕਾਕਰਨ ਕੇਂਦਰਾਂ ਵੱਲੋਂ ਸ਼ਾਮਲ ਕਰਨ।
ਬਿਸਤਰਿਆਂ ਦੀ ਸਮਰੱਥਾ ਨੂੰ ਵਧਾਇਆ ਜਾਵੇ
ਮਹਾਜਨ ਨੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਕੋਵਿਡ ਬਿਸਤਰਿਆਂ ਦੀ ਸਮਰੱਥਾ ਵਧਾਉਣ ਲਈ ਸਲਾਹ ਦੇਣ ਅਤੇ ਪ੍ਰਾਈਵੇਟ ਹਸਪਤਾਲਾਂ ਜੋ ਅਜੇ ਤੱਕ ਐਲ-3 ਕੋਵਿਡ ਕੇਅਰ ਲਈ ਵੈਰੀਫਾਈ ਨਹੀਂ ਕੀਤੇ ਗਏ, ਉਨਾਂ ਨੂੰ ਜ਼ਿਲਿਆਂ ਵੱਲੋਂ ਜਲਦ ਵੈਰੀਫਾਈ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਐਲ-3 ਕੇਅਰ ਸਹੂਲਤਾਂ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿੱਥੇ-ਕਿੱਥੇ ਵਧੇਰੇ ਐਲ-3 ਬੈੱਡ ਉਪਲੱਬਧ ਹਨ।
ਇਹ ਵੀ ਪੜੋ: ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 15 ਮਾਰਚ ਨੂੰ ਮਨਾਇਆ ਜਾਂਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ
ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕੋਵਿਡ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਡਾਕਟਰੀ ਮਾਹਰਾਂ ਦੀ ਢੁੱਕਵੀਂ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਤੁਰੰਤ ਲੋੜੀਂਦੀ ਮਨੁੱਖੀ ਸ਼ਕਤੀ ਜਿਵੇਂ ਵਾਰਡ ਅਟੈਂਡੈਂਟਸ, ਕਲਾਸ -4 ਅਮਲਾ ਅਤੇ ਐਂਬੂਲੈਂਸਾਂ ਲਈ ਡਰਾਈਵਰਾਂ ਆਦਿ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਸਾਰੇ ਜ਼ਿਲਿਆਂ ਵਿੱਚ ਸਾਰੀਆਂ ਐਲ -2 ਸਹੂਲਤਾਂ ਨੂੰ ਪੂਰੀ ਤਰਾਂ ਕਾਰਜਸ਼ੀਲ ਬਣਾਇਆ ਜਾਵੇ।
ਲੋਕ ਲਾਪਰਵਾਹੀ ਨਾ ਵਿਖਾਉਣ- ਮਹਾਜਨ
ਮੁੱਖ ਸਕੱਤਰ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਪਰਵਾਹੀ ਨਾ ਵਿਖਾਉਣ ਅਤੇ ਕੋਵਿਡ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਮਹਾਂਮਾਰੀ ਨਾਲ ਨਜਿੱਠਣ ਵਿੱਚ ਸਰਕਾਰ ਦੀ ਸਹਾਇਤਾ ਕਰਨ। ਉਨਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਟੀਕਾਕਰਨ ਸਬੰਧੀ ਕਿਸੇ ਵੀ ਤਰਾਂ ਦੇ ਸੰਦੇਹ ਨੂੰ ਦੂਰ ਕਰਨ ਲਈ ਆਈ.ਈ.ਸੀ. ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਲੋਕਾਂ ਨਾਲ ਸੰਪਰਕ ਲਈ ਸੋਸ਼ਲ ਅਤੇ ਹੋਰ ਮੀਡੀਆ ਨੂੰ ਸ਼ਾਮਲ ਕਰਨ ਲਈ ਵੀ ਆਖਿਆ।