ਚੰਡੀਗੜ: ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਵੀਰਵਾਰ ਨੂੰ ਸੂਬੇ ਵਿੱਚ ਬਣਨ ਵਾਲੇ ਕੌਮੀ ਮਾਰਗਾਂ ਅਤੇ ਰੇਲਵੇ ਪ੍ਰਾਜੈਕਟਾਂ ਦੇ ਕੰਮ ਦੀ ਸਮੀਖਿਆ ਕਰਦੇ ਰਹਿੰਦੇ ਕੰਮ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਕੌਮੀ ਹਾਈਵੇਜ਼ ਅਥਾਰਟੀ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕਰਨ ਅਤੇ ਸਬੰਧਤ ਵਿਅਕਤੀਆਂ ਨੂੰ ਮੁਆਵਜ਼ਾ ਅਦਾ ਕਰਨ ਤਾਂ ਜੋ ਮਾਰਗਾਂ ਦੀ ਉਸਾਰੀ ਸਮੇਂ ਸਿਰ ਹੋ ਸਕੇ। ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ, ਐਨ.ਐਚ.ਏ.ਆਈ. ਦੇ ਅਧਿਕਾਰੀਆਂ ਅਤੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਚੱਲ ਰਹੇ ਕੌਮੀ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ਾਂ ਦੇ ਚੱਲਦਿਆਂ ਇਨ੍ਹਾਂ ਨੂੰ ਮੁਕੰਮਲ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨਿਵੇਸ਼ਕਾਂ ਨੂੰ ਵੱਡਾ ਹੁਲਾਰਾ ਮਿਲੇਗਾ : ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮਿਲਣੀ ਹੈ ਅਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀਆਂ ਸੜਕਾਂ ਦੀ ਉਸਾਰੀ ਹੋਣੀ ਹੈ। ਨਵੇਂ ਐਕਸਪ੍ਰੈਸ ਵੇਅ ਬਣਨ ਨਾਲ ਸੂਬੇ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ ਅਤੇ ਨਿਵੇਸ਼ਕਾਂ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਸਕੱਤਰ ਨੇ ਜ਼ਿਲਾ ਵਾਰ ਸਮੀਖਿਆ ਕਰਦਿਆਂ ਹਰ ਪ੍ਰਾਜੈਕਟ ਦੇ ਅਸਲ ਕੰਮ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਜਿਹੜੇ ਵਿਭਾਗ ਨਾਲ ਸਬੰਧਤ ਕੋਈ ਦਿੱਕਤ ਆਉਂਦੀ ਸੀ ਤਾਂ ਉਸ ਨੂੰ ਇਹ ਦੂਰ ਕਰਨ ਲਈ ਆਖਿਆ। ਉਨ੍ਹਾਂ ਮਾਲ ਵਿਭਾਗ ਤੇ ਡਿਪਟੀ ਕਮਿਸ਼ਨਰਜ਼ ਨੂੰ ਲੋੜ ਮੁਤਾਬਕ ਅਧਿਕਾਰੀਆਂ ਦੀ ਤਾਇਨਾਤੀ ਕਰਨ ਅਤੇ ਐਨ.ਐਚ.ਏ.ਆਈ. ਨੂੰ ਉਨ੍ਹਾਂ ਨਾਲ ਸਬੰਧਤ ਬਚੇ ਕੰਮਾਂ ਨੂੰ ਪੂਰਾ ਕਰਨ ਲਈ ਵੀ ਆਖਿਆ।
ਲੋਕਾਂ ਮੁਤਾਬਿਕ ਕੀਤੇ ਜਾਣ ਟ੍ਰੈਫਿਕ ਪ੍ਰਬੰਧ : ਜੰਜੂਆ ਨੇ ਦੱਸਿਆ ਕਿ ਸੂਬੇ ਵਿੱਚ 15 ਗਰੀਨਫੀਲਡ ਐਕਸਪ੍ਰੈਸ ਵੇਅ ਬਣ ਰਹੇ ਹਨ, ਜਿਨਾਂ ਦੀ ਲੰਬਾਈ 1173 ਕਿਲੋਮੀਟਰ ਹੈ ਅਤੇ 9 ਬਰਾਊਨਫੀਲਡ ਐਕਸਪ੍ਰੈਸ 436 ਕਿਲੋਮੀਟਰ ਦੀ ਲੰਬਾਈ ਦੇ ਬਣ ਰਹੇ ਹਨ। ਇਨ੍ਹਾਂ ਵਿੱਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ, ਅੰਮ੍ਰਿਤਸਰ-ਬਠਿੰਡਾ, ਲੁਧਿਆਣਾ-ਬਠਿੰਡਾ, ਮੁਹਾਲੀ-ਬਠਿੰਡਾ ਅਤੇ ਲੁਧਿਆਣਾ-ਰੋਪੜ, ਜਲੰਧਰ ਬਾਈਪਾਸ, ਅੰਮ੍ਰਿਤਸਰ ਬਾਈਪਾਸ, ਮੁਹਾਲੀ ਬਾਈਪਾਸ ਤੇ ਲੁਧਿਆਣਾ ਬਾਈਪਾਸ ਪ੍ਰਮੁੱਖ ਹਨ। ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਉਠਾਏ ਮੁੱਦੇ ਉਤੇ ਮੁੱਖ ਸਕੱਤਰ ਨੇ ਅਥਾਰਟੀ ਅਧਿਕਾਰੀਆਂ ਨੂੰ ਕਿਹਾ ਕਿ ਨਵੇਂ ਮਾਰਗਾਂ ਵਿੱਚ ਟ੍ਰੈਫਿਕ ਦੀ ਵਿਵਸਥਾ ਸਥਾਨਕ ਲੋੜਾਂ ਨੂੰ ਦੇਖਦਿਆਂ ਕੀਤੀ ਜਾਵੇ ਤਾਂ ਜੋ ਬਾਅਦ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆਵੇ।
ਮੀਟਿੰਗ ਵਿੱਚ ਵਿੱਤ ਕਮਿਸ਼ਨਰ ਮਾਲ ਕੇ.ਏ.ਪੀ.ਸਿਨਹਾ, ਵਧੀਕ ਮੁੱਖ ਸਕੱਤਰ ਜੰਗਲਾਤ ਵਿਕਾਸ ਗਰਗ, ਸਕੱਤਰ ਲੋਕ ਨਿਰਮਾਣ ਨੀਲ ਕੰਠ ਅਵਧ, ਐਨ.ਐਚ.ਏ.ਆਈ. ਦੇ ਸਲਾਹਕਾਰ ਹੁਸਨ ਲਾਲ, ਏ.ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ.ਰਾਏ, ਡਿਵੀਜ਼ਨਲ ਕਮਿਸ਼ਨਰ ਜਲੰਧਰ ਗੁਰਪ੍ਰੀਤ ਕੌਰ ਸਪਰਾ, ਡਿਵੀਜ਼ਨਲ ਕਮਿਸ਼ਨਰ ਰੋਪੜ ਇੰਦੂ ਮਲਹੋਤਰਾ ਤੇ ਐਨ.ਐਚ.ਆਰ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡਿਓ ਕਾਨਫਰੰਸਿੰਗ ਰਾਹੀਂ ਹਾਜ਼ਰ ਹੋਏ। (ਪ੍ਰੈੱਸ ਨੋਟ)