ਚੰਡੀਗੜ੍ਹ: ਲਾਰੇ ਬੜੇ ਪਿਆਰੇ, ਨਾ ਡੋਬੇ ਨਾ ਤਾਰੇ....ਇਹ ਸਤਰਾਂ ਬਿਲਕੁੱਲ ਸਹੀ ਢੁਕਦੀਆਂ ਨੇ ਪੰਜਾਬ ਸਰਕਾਰ ਅਤੇ 12500 ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ 'ਤੇ ਕਿਉਂਕਿ ਸਰਕਾਰ ਵੱਲੋਂ ਅਧਿਆਪਕਾਂ ਨੂੰ ਗੁੜ ਤਾਂ ਦਿੱਤਾ ਗਿਆ ਪਰ ਉਹ ਖਾ ਨਹੀਂ ਸਕਦੇ। ਪਿਛਲੇ ਕਈ ਸਾਲਾਂ ਤੋਂ ਕੱਚੇ ਅਧਿਆਪਕਾਂ ਵੱਲੋਂ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਇਸੇ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਸੇ ਵਾਅਦੇ ਨੂੰ ਭਗਵੰਤ ਮਾਨ ਵੱਲੋਂ ਉਦੋਂ ਪੂਰਾ ਕੀਤਾ ਗਿਆ ਜਦੋਂ 12500 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਦਿੱਤੇ ਗਏ। ਇੰਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਦੀਆਂ ਤਨਖਾਹਾਂ 'ਚ ਵੀ ਵਾਧਾ ਕੀਤਾ ਗਿਆ। ਜਿਸ ਨਾਲ ਇਹ ਅਧਿਆਪਕ ਖੁਸ਼ ਹੋਏ, ਪਰ ਇਹ ਖੁਸ਼ੀ ਕੁਝ ਹੀ ਸਮੇਂ ਦੀ ਸੀ ਕਿਉਂਕਿ ਬੇਸ਼ੱਕ ਇੰਨ੍ਹਾਂ ਅਧਿਆਪਕਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਦਿੱਤੇ ਗਏ ਪਰ ਉਨ੍ਹਾਂ 'ਚ ਕੀਤੇ ਵੀ ਇਹ ਨਹੀਂ ਲਿਿਖਆ ਹੋਇਆ ਕਿ ਇੰਨ੍ਹਾਂ ਨੂੰ ਪੱਕੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਮਿਲਣਗੀਆਂ, ਹਾਂ ਇੰਨ੍ਹਾਂ ਜ਼ਿਕਰ ਜ਼ਰੂਰ ਕੀਤਾ ਹੋਇਆ ਕਿ ਇੰਨ੍ਹਾਂ ਦੀ ਤਨਖ਼ਾਹ 'ਚ ਵਾਧਾ ਕੀਤਾ ਗਿਆ। ਜਿਸ ਕਾਰਨ ਇਹ ਅਧਿਆਪਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਇੰਨ੍ਹਾਂ ਨਿਯੁਕਤੀ ਪੱਤਰਾਂ ਤੋਂ ਬਾਅਦ 8736 ਕੱਚੇ ਅਧਿਆਪਕ ਯੂਨੀਅਨ 'ਚ ਹੋਰ ਵੀ ਜਿਆਦਾ ਰੋਹ ਵੇਖਣ ਨੂੰ ਮਿਲ ਰਿਹਾ ਹੈ।ਇਸੇ ਰੋਹ ਕਾਰਨ ਇੰਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਮੁੜ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਅਧਿਆਪਕ ਚਾਹ ਕੇ ਵੀ ਆਪਣਾ ਮੂੰਹ ਮਿੱਠਾ ਨਹੀਂ ਕਰ ਸਕਦੇ। ਇਸ ਗੱਲ ਦੀ ਗਵਾਹੀ ਪਿਛਲੇ 84 ਦਿਨਾਂ ਤੋਂ ਟੈਂਕੀ 'ਤੇ ਬੈਠੇ ਜਥੇਬੰਦੀ ਦੇ ਆਗੂ ਇੰਦਰਜੀਤ ਸਿੰਘ ਭਰ ਰਹੇ ਹਨ। ਜਿੰਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਸਾਫ਼-ਸਾਫ਼ ਕਿਹਾ ਕਿ ਸਰਾਕਰ ਨੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸਰਕਾਰ ਨੇ ਸਿਰਫ਼ ਤੇ ਸਿਰਫ਼ ਤਨਖ਼ਾਹਾਂ 'ਚ ਵਾਧਾ ਕੀਤਾ ਹੈ ਜਦਕਿ ਅਸੀਂ ਸਾਰੇ ਪੱਕੇ ਅਧਿਆਪਕਾਂ ਵਾਲੀਆਂ ਕੋਈ ਵੀ ਸਹੂਲਤਾਵਾਂ ਸਾਨੂੰ ਨਹੀਂ ਮਿਲ ਰਹੀਆਂ ਜੋ ਅਸੀਂ ਮੰਗ ਰਹੇ ਹਾਂ ਜਦਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਸਾਡੇ 'ਤੇ ਅੱਤਿਆਚਾਰ ਕਰ ਰਹੀ ਹੈ।
ਅਧਿਆਪਕਾਂ ਨੂੰ ਸਨਮਾਨ 'ਚ ਕੀ ਮਿਲ ਰਿਹਾ ਹੈ?: ਭਾਵੇਂ 5 ਸਤੰਬਰ ਨੂੰ ਅਧਿਆਪਕ ਦਿਹਾੜਾ ਮਨਾਇਆ ਜਾ ਰਿਹਾ ਹੈ। ਅਧਿਆਪਕਾਂ ਦੇ ਯੋਗਦਾਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਅੱਜ ਉਨ੍ਹਾਂ ਹੀ ਅਧਿਆਪਕਾਂ ਨੂੰ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ। ਸਰਕਾਰ ਵੱਲੋਂ ਅਧਿਆਪਕਾਂ ਦਾ ਸਨਮਾਨ ਨਹੀਂ ਅਪਮਾਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਇਸੇ ਗੱਲ ਦਾ ਰੋਸਾ ਹੈ ਕਿ ਸਾਨੂੰ ਸਰਕਾਰ ਕੁਝ ਆਖ ਰਹੀ ਹੈ ਅਤੇ ਇਸ਼ਤਿਹਾਰਾਂ ਅਤੇ ਭਾਸ਼ਣਾਂ 'ਚ ਕੁੱਝ ਹੋਰ ਆਖ ਰਹੀ ਹੈ ਜਦ ਕਿ ਸੱਚਾਈ ਕੁੱਝ ਹੋਰ ਹੀ ਹੈ। ਭਾਵੇਂ ਸਰਕਾਰ ਵੱਲੋਂ ਇੰਨ੍ਹਾਂ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੋਵੇ ਪਰ ਅਧਿਆਪਕਾਂ ਦਾ ਸੰਘਰਸ਼ ਅੱਜ ਵੀ ਬਰਕਰਾਰ ਹੈ।
- Appointment letters to patwaris: ਪੰਜਾਬ ਸਰਕਾਰ 710 ਨਵੇਂ ਪਟਵਾਰੀਆਂ ਨੂੰ ਦੇਵੇਗੀ ਨਿਯੁਕਤੀ ਪੱਤਰ, ਹੋਰ ਨਵੇਂ ਪਟਵਾਰੀਆਂ ਦੀ ਜਲਦ ਹੋਵੇਗੀ ਭਰਤੀ
- Sahnewal-Delhi flight resumed: ਸਾਹਨੇਵਾਲ ਤੋਂ ਹੁਣ ਮੁੜ ਉੱਡਣਗੇ ਦਿੱਲੀ ਲਈ ਜਹਾਜ਼, ਪਹਿਲੀ ਫਲਾਈਟ ਪਹੁੰਚੀ, ਸੀਐੱਮ ਮਾਨ ਨੇ ਕੀਤਾ ਨਰੀਖਣ
- Punjab District Council Elections: ਪੰਜਾਬ ਸਰਕਾਰ ਨੇ ਹੁਣ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 'ਤੇ ਲਿਆ ਯੂ-ਟਰਨ, ਚੋਣਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਲਿਆ ਵਾਪਿਸ
ਸਰਕਾਰ ਦਾ ਝੂਠਾ ਐਲਾਨ: 8736 ਕੱਚੇ ਮੁਲਾਜ਼ਮ ਜਥੇਬੰਦੀ ਦਾ ਰੋਸ ਸਰਕਾਰ 'ਤੇ ਜਿਉਂ ਦਾ ਤਿਉਂ ਹੈ। ਸਰਕਾਰ ਦਾ ਪੱਕੇ ਕਰਨ ਵਾਲਾ ਐਲਾਨ ਝੂਠਾ ਕਰਾਰ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਮੁਤਾਬਿਕ 5 ਸਤੰਬਰ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਆਖੀ ਸੀ। ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਅਧਿਆਪਕ ਦਿਹਾੜੇ ਮੌਕੇ ਕੀਤਾ ਸੀ। ਜਿਸਤੋਂ ਹਫ਼ਤੇ ਬਾਅਦ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਪੰਜਾਬ ਵਿਚ ਲੱਗ ਗਏ ਸਨ। ਇਕ ਸਾਲ ਬੀਤਣ ਤੋਂ ਬਾਅਦ ਵੀ ਅਧਿਆਪਕ ਮੁਕੰਮਲ ਤਰੀਕੇ ਨਾਲ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਅਧਿਆਪਕਾਂ ਨੂੰ ਤਨਖ਼ਾਹ ਵਿੱਚ ਵਾਧਾ ਅਤੇ 1 ਸਾਲ ਬਾਅਦ 5 ਪ੍ਰਤੀਸ਼ਤ ਵਧਾਉਣ ਦਾ ਲਾਭ ਹੀ ਮਿਿਲਆ ਹੈ। ਜਦੋਂ ਹੁਣ ਆਪਣੇ ਬਣਦੇ ਹੱਕ ਲੈਣ ਲਈ ਅਧਿਆਪਕਾਂ ਨੇ ਸੰਘਰਸ਼ ਜਾਰੀ ਰੱਖਿਆ ਤਾਂ ਸਰਕਾਰ ਡੰਡੇ ਦੇ ਜੋਰ 'ਤੇ ਉਹਨਾਂ ਨੂੰ ਚੱੁਪ ਕਰਵਾਉਣਾ ਚਾਹੁੁੰਦੀ ਹੈ।
ਪੱਕੇ ਅਧਿਆਪਕਾਂ ਨੂੰ ਮਿਲਦੀਆਂ ਨੇ ਕੀ ਸਹੂਲਤਾਂ : ਪਿਛਲੇ 10- 15 ਸਾਲਾਂ ਤੋਂ ਕੱਚੇ ਅਧਿਆਪਕ ਮਾਮੂਲੀ ਤਨਖ਼ਾਹ 'ਤੇ ਕੰਮ ਕਰਦੇ ਆ ਰਹੇ ਹਨ। ਸਿੱਖਿਆ ਪ੍ਰੋਵਾਈਡਰਜ਼ ਦੀ ਤਨਖ਼ਾਹ 11000 ਰੁਪਏ ਸੀ ਜਿਸਨੂੰ ਵਧਾ ਕੇ 23500 ਕੀਤਾ ਗਿਆ। ਇਹ ਤਨਖ਼ਾਹ ਪੰਜਾਬ ਸਰਕਾਰ ਦੇ ਪੇਅ ਸਕੇਲ ਮੁਤਾਬਿਕ ਨਹੀਂ ਹੈ। ਜਦਕਿ ਪੱਕੇ ਅਧਿਆਪਕਾਂ ਨੂੰ ਡੀਏ, ਪੀਐਫ, ਮੈਡੀਕਲ ਭੱਤਾ ਅਤੇ ਐਚਆਰਏ ਜੁੜਦਾ ਹੈ। ਇਸਤੋਂ ਇਲਾਵਾ ਇਹ ਨਿਯਮ ਵੀ ਹੈ ਕਿ ਜੇਕਰ ਡਿਊਟੀ ਦੌਰਾਨ ਅਧਿਆਪਕ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ ਹੈ। ਜਦਕਿ ਹੁਣ ਪੱਕੇ ਕੀਤੇ ਅਧਿਆਪਕਾਂ ਲਈ ਅਜਿਹਾ ਨਹੀਂ ਹੈ। 28 ਜੁਲਾਈ ਨੂੰ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਉਸਤੋਂ ਬਾਅਦ 10 ਅਧਿਆਪਕਾਂ ਦੀ ਮੌਤ ਹੋਈ ਪਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਈ ਵੀ ਮਦਦ ਨਹੀਂ ਮਿਲੀ ਅਤੇ ਨਾ ਹੀ ਸਰਕਾਰ ਨੇ ਕੋਈ ਵਿੱਤੀ ਮਦਦ ਦਿੱਤੀ।
8736 ਕੱਚੇ ਮੁਲਾਜ਼ਮ ਸੰਘਰਸ਼ ਦੇ ਮੈਦਾਨ 'ਚ : 8736 ਕੱਚੇ ਮੁਲਾਜ਼ਮ ਹੁਣ ਆਪਣੇ ਬਣਦੇ ਹੱਕ ਲੈਣ ਲਈ ਸੰਘਰਸ਼ ਦੇ ਮੈਦਾਨ 'ਚ ਹਨ। ਇੰਦਰਜੀਤ ਸਿੰਘ ਦਾ ਕਹਿਣਾ ਹੈ ਇਸ ਦੌਰਾਨ ਸਿੱਖਿਆ ਮੰਤਰੀ ਨਾਲ ਕਈ ਵਾਰ ਗੱਲ ਹੋਈ ਪਰ ਹਰ ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਹੀ ਰਹੀ। ਉਹਨਾਂ ਉੱਤੇ ਸਰਕਾਰੀ ਦਬਾਅ ਪਾਇਆ ਜਾ ਰਿਹਾ ਹੈ । ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਬਲਕਿ ਇੰਨ੍ਹਾਂ ਨੂੰ ਡਰਾਇਆ ਅਤੇ ਧਮਕਾਇਆ ਵੀ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਹੁਣ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ 8736 ਕੱਚੇ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਣੀ ਤੈਅ ਹੋਈ ਹੈ, ਜਿਸ ਦੌਰਾਨ ਇੰਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਸਰਕਾਰ ਅੱਗੇ ਇਹੀ ਮੰਗਾਂ ਰੱਖੀਆਂ ਜਾਣਗੀਆਂ।
5 ਸਤੰਬਰ ਨੂੰ ਰੋਸ ਪ੍ਰਦਰਸ਼ਨ: 5 ਸਤੰਬਰ ਨੂੰ ਅਧਿਆਪਕ ਦਿਹਾੜੇ ਮੌਕੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਬਾਹਾਂ 'ਤੇ ਕਾਲੇ ਬਿੱਲ੍ਹੇ ਲਗਾ ਕੇ ਵਿਿਦਆਰਥੀਆਂ ਨੂੰ ਪੜਾਇਆ ਜਾਵੇਗਾ।ਫਿਲਹਾਲ ਹੋਰ ਵੱਡਾ ਐਕਸ਼ਨ ਇਸ ਲਈ ਨਹੀਂ ਲਿਆ ਜਾ ਰਿਹਾ ਹੈ ਕਿਉਂਕਿ 14 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਤੋਂ ਬਾਅਦ ਹੀ ਅਧਿਆਪਕਾਂ ਵੱਲੋਂ ਅਗਲਾ ਫੈਸਲਾ ਲਿਆ ਜਾਵੇਗਾ।