ਚੰਡੀਗੜ੍ਹ: 1746 ‘ਚ ਛੋਟੇ ਘੱਲੂਘਾਰੇ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਵਿਸ਼ੇਸ਼ ਸ਼ਹੀਦੀ ਸਮਾਗਮ ਅੱਜ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਹੀਦਾਂ ਨੂੰ ਸਿਜਦਾ ਕੀਤਾ।
"ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਕਾਹਨੂੰਵਾਨ ਛੰਬ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਹੀਦਾਂ ਨੂੰ ਸਿਜਦਾ ਕੀਤਾ। ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਛੋਟਾ ਘੱਲੂਘਾਰਾ ਸਮਾਰਕ ਨੂੰ ਦੇਣ ਦਾ ਐਲਾਨ ਕੀਤਾ।" ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ
5 ਲੱਖ ਰੁਪਏ ਦੀ ਗ੍ਰਾਂਟ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਛੋਟਾ ਘੱਲੂਘਾਰਾ ਸਮਾਰਕ ਨੂੰ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਹਨੂੰਵਾਨ, ਤਿੱਬੜ ਅਤੇ ਤੁਗਲਵਾਲ ਪਿੰਡਾਂ ਦੇ ਸੀਵਰੇਜ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਜਲਦ ਮਨਜ਼ੂਰੀ ਦੇਣ ਦਾ ਭਰੋਸਾ ਵੀ ਦਿੱਤਾ। ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦਾ ਰੱਖ-ਰਖਾਅ ਵਧੀਆ ਤਰੀਕੇ ਨਾਲ ਕੀਤੇ ਹੋਣ ਕਰਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਪ੍ਰਸੰਸਾ ਵੀ ਕੀਤੀ।
ਕੁਰਬਾਨੀਆਂ ਭਰੇ ਸਿੱਖ ਇਤਿਹਾਸ ਉੱਪਰ ਮਾਣ: ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਿੰਪਾ ਨੇ ਕਿਹਾ ਕਿ 18ਵੀਂ ਸਦੀ ਦੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਉੱਪਰ ਸਾਨੂੰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਬਹਾਦਰ ਸੂਰਬੀਰਾਂ ਨੇ ਧਰਮ ਹੇਤ ਆਪਣੇ ਆਪ ਨੂੰ ਨਿਛਾਵਰ ਤਾਂ ਕਰ ਦਿੱਤਾ ਪਰ ਉਨ੍ਹਾਂ ਨੇ ਜ਼ਾਲਮ ਮੁਗਲ ਹਕੂਮਤ ਦੀ ਈਨ ਬਿਲਕੁਲ ਨਾ ਮੰਨੀ। ਜਿੰਪਾ ਨੇ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਵਿਸ਼ੇਸ਼ ਸ਼ਹੀਦੀ ਸਮਾਗਮ ਕਰਾ ਕੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਿਜਦਾ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ।
ਛੋਟੇ ਘੱਲੂਘਾਰੇ ਉੱਪਰ ਬਣੀ ਦਸਤਾਵੇਜੀ ਫਿਲਮ: ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਹ ਸ਼ਹੀਦੀ ਸਮਾਰਕ ਛੋਟਾ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਅਤੇ ਇਸ ਸਮਾਰਕ ਜ਼ਰੀਏ ਨੌਜਵਾਨ ਪੀੜ੍ਹੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਾਣ ਰਹੀ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬ੍ਰਹਮ ਸ਼ੰਕਰ ਜਿੰਪਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਮਿਊਜ਼ੀਅਮ ਦੀ ਸ਼ਹੀਦੀ ਗੈਲਰੀ, ਫ਼ਤਹਿ ਬੁਰਜ਼ ਅਤੇ ਲਾਇਬ੍ਰੇਰੀ ਦੇ ਦਰਸ਼ਨ ਵੀ ਕੀਤੇ। ਜਿੰਪਾ ਨੇ ਛੋਟੇ ਘੱਲੂਘਾਰੇ ਉੱਪਰ ਬਣੀ ਦਸਤਾਵੇਜੀ ਫਿਲਮ ਵੀ ਦੇਖੀ। ਇਸ ਤੋਂ ਪਹਿਲਾਂ ਸ਼ਹੀਦਾਂ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ ਅਤੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।