ਚੰਡੀਗੜ੍ਹ :ਡਾਕਟਰ-ਵਕੀਲ ਅਵਨੀਸ਼ ਜੌਲੀ ਹੁਣ ਕੈਨੇਡਾ ’ਚ ਕੋਰੋਨਾ ਵਿਰੁੱਧ ਜੰਗ ’ਚ ਮੋਹਰੀ ਭੂਮਿਕਾ ਨਿਭਾਉਣ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਭਾਰਤ 'ਚ ਕਾਰਡੀਓ–ਵੈਸਕਿਊਲਰ ਨਾਲ ਸਬੰਧਤ ਮਾਮਲਿਆਂ ਲਈ ਕੰਮ ਕਰ ਰਹੇ ਡਾ. ਮੁਹੰਮਦ ਰਫ਼ੀਕ ਨੇ ਜੌਲੀ ਨੂੰ ਇੱਕ ਸੋਸ਼ਲ ਰੈਸਪੌਂਡਰ ਵਜੋਂ ਕੋਰੋਨਾ ਵਿਰੁੱਧ ਜੰਗ ਲੜਨ ਦਾ ਸੱਦਾ ਦਿੱਤਾ ਹੈ।
ਡਾ. ਜੌਲੀ ਨੂੰ ਕੈਨੇਡਾ ਦੇ ਪ੍ਰਵਾਸੀਆਂ ਖਾਸ ਕਰਕੇ ਭਾਰਤੀ ਮੂਲ ਦੇ ਤੇ ਹੋਰ ਭਾਈਚਾਰਿਆਂ ’ਚ ਵਿਚਰਦਿਆਂ ਕੋਰੋਨਾ ਦੇ ਖਾਤਮੇ ਲਈ ਇੱਕਜੁਟ ਹੋ ਕੇ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਆਮ ਲੋਕਾਂ ਨਾਲ ਮਿਲ ਕੇ ਕੋਵਿਡ–19 ਨਾਲ ਟੱਕਰ ਲੈਣ ਦੇ ਹੋਰ ਨਵੇਂ ਮੌਲਿਕ ਤੇ ਸਿਰਜਣਾਤਮਕ ਤਰੀਕੇ ਜਾਣਨਗੇ।
ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ WHO ਲਈ ਸਰਗਰਮ ਡਾ. ਮੁਹੰਮਦ ਰਫ਼ੀਕ ਨੇ ਦੱਸਿਆ ਕਿ ਡਾ. ਜੌਲੀ ਉਨ੍ਹਾਂ ਲਈ ਇੱਕ ਸੋਸ਼ਲ ਰੈਸਪੌਂਡਰ ਵਜੋਂ ਕੰਮ ਕਰਨਗੇ ਤੇ ਕੋਵਿਡ–19 ਨੂੰ ਹਰਾਉਣ ਲਈ ਇੱਕਜੁਟ ਹੰਭਲ਼ਾ ਮਾਰਨਗੇ।
ਇਸ ਵੇਲੇ ਪੂਰੀ ਦੁਨੀਆ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਇੱਕਜੁਟ ਹੋ ਚੁੱਕੀ ਹੈ। ਦੁਨੀਆ ਦੇ ਕੋਨੇ-ਕੋਨ ’ਚ ਜਿੱਥੇ ਕਿਤੇ ਵੀ ਭਾਰਤੀ ਮੌਜੂਦ ਹਨ, ਉਹ ਹੁਣ ਇਸ ਘਾਤਕ ਵਾਇਰਸ ਵਿਰੁੱਧ ਜ਼ੋਰਦਾਰ ਢੰਗ ਨਾਲ ਡਟ ਰਹੇ ਹਨ।
ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਡੀਓ ਵੈਸਕਿਊਲਰ ਮਾਮਲਿਆਂ ਦੇ ਭਾਰਤ ’ਚ ਇੰਚਾਰਜ ਡਾ. ਮੁਹੰਮਦ ਰਫ਼ੀਕ ਨੇ ਅਵਨੀਸ਼ ਜੌਲੀ ਨੂੰ ਕੈਨੇਡਾ ਵਿੱਚ ਕੋਰੋਨਾ-ਜੰਗ ਲਈ ਡਟਣ ਦਾ ਸੱਦਾ ਦਿੱਤਾ ਸੀ। ਅਵਨੀਸ਼ ਜੌਲੀ ਨੇ ਤੁਰੰਤ ਹਾਂ ਕਰ ਦਿੱਤੀ ਤੇ ਉਹ ਇਸ ਮੈਦਾਨ ’ਚ ਕੁੱਦ ਗਏ।
ਚੰਡੀਗੜ੍ਹ ’ਚ ਡਾ. ਅਵਨੀਸ਼ ਜੌਲੀ ਦੀ ਏਡਜ਼-ਵਿਰੋਧੀ ਜੰਗ ਤੇ ਕਾਊਂਸਲਿੰਗ ਨੂੰ ਕੌਣ ਭੁਲਾ ਸਕਦਾ ਹੈ। ਖੂਬਸੂਰਤ ਸ਼ਹਿਰ ਵਜੋਂ ਜਾਣੇ ਜਾਂਦੇ ਪੰਜਾਬ ਦੇ ਰਾਜਧਾਨੀ-ਸ਼ਹਿਰ ਚੰਡੀਗੜ੍ਹ ’ਚ ਏਡਜ਼-ਹੈਲਪਲਾਈਨ 1097 ਦੀ ਸ਼ੁਰੂਆਤ ਡਾ. ਜੌਲੀ ਨੇ ਹੀ 1 ਜਨਵਰੀ, 1999 ਨੂੰ ਕਰਵਾਈ ਸੀ।
ਚੰਡੀਗੜ੍ਹ ਦੇ ਜੰਮਪਲ਼ ਅਵਨੀਸ਼ ਜੌਲੀ ਆਯੁਰਵੇਦ ਦੇ ਕੁਆਲੀਫ਼ਾਈਡ (BAMS) ਡਾਕਟਰ ਵੀ ਹਨ ਤੇ ਹੁਣ ਉਹ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ’ਚ ਸਾਲਿਸਿਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ‘ਜੌਲੀ ਪ੍ਰੋਫ਼ੈਸ਼ਨਲ ਲਾੱਅ ਕਾਰਪੋਰੇਸ਼ਨ’ ਉਨ੍ਹਾਂ ਦੀ ਫ਼ਰਮ ਹੈ। ਡਾਕਟਰੀ ਤੋਂ ਬਾਅਦ ਜੌਲੀ ਨੇ ਭਾਰਤ ’ਚ ਹੀ ਵਕਾਲਤ ਵੀ ਪਾਸ ਕਰ ਲਈ ਸੀ।
ਕੱਲ੍ਹ ਸਨਿੱਚਰਵਾਰ ਨੂੰ ਉਨ੍ਹਾਂ ਨੇ ਕੈਨੇਡਾ ਦੇ ਪ੍ਰਸਿੱਧ ਰੈੱਡ ਐੱਫ਼ਐੱਮ 106.7 ਰੇਡੀਓ ਪ੍ਰੋਗਰਾਮ ‘ਸਮੁੰਦਰੋਂ ਪਾਰ’ ’ਚ ਮੋਨਿਕਾ ਓਬਰਾਏ ਨਾਲ ਗੱਲਬਾਤ ਦੌਰਾਨ ਵੀ ਆਮ ਜਨਤਾ ਨੂੰ ਕੋਵਿਡ-19 ਨੂੰ ਹਰਾਉਣ ਲਈ ਜ਼ੋਰਦਾਰ ਢੰਗ ਨਾਲ ਡਟਣ ਦਾ ਸੱਦਾ ਦਿੱਤਾ।
ਡਾ. ਜੌਲੀ ਨੇ ਮੋਨਿਕਾ ਓਬਰਾਏ ਨਾਲ ਇਸ ਗੱਲਬਾਤ ਦੌਰਾਨ ਮਦਰ ਟੈਰੇਸਾ ਦੇ ਇੱਕ ਕਥਨ ਦੇ ਹਵਾਲੇ ਨਾਲ ਆਖਿਆ ਕਿ ਸੰਕਟ ਦੀ ਇਸ ਘੜੀ ਵਿੱਚ ਤੁਸੀਂ ਲੀਡਰਾਂ ਨੂੰ ਨਾ ਉਡੀਕੋ, ਸਗੋਂ ਇਕੱਲੇ ਹੀ ਅੱਗੇ ਵਧਦੇ ਜਾਓ। ਆਪੋ– ਆਪਣੇ ਗੁਆਂਢੀ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਗਰੂਕ ਕਰੋ।
ਡਾ. ਜੌਲੀ ਨੇ ਕਿਹਾ ਕਿ ਪੰਜਾਬੀਆਂ ਸਮੇਤ ਸਮੂਹ ਭਾਰਤੀ ਤਦ ਟੀ.ਬੀ. ਮਹਾਮਾਰੀ ਵੇਲੇ ਵੀ ਡਟੇ ਸਨ ਤੇ ਹੁਣ ਮਾਰੂ ਕੋਰੋਨਾ ਵਾਇਰਸ ਵਿਰੁੱਧ ਵੀ ਡਟੇ ਹੋਏ ਹਨ। ਉਨ੍ਹਾਂ ਸਮੂਹ ਭਾਰਤ ਵਾਸੀਆਂ ਨੂੰ ਕੋਰੋਨਾ-ਲੌਕਡਾਊਨ ਦੌਰਾਨ ਆਪੋ-ਆਪਣੇ ਘਰਾਂ ਅੰਦਰ ਰਹਿ ਕੇ ਤੰਦਰੁਸਤ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਆਪਣੀ ਸੂਝਬੁਝ ਤੋਂ ਕਿਤੇ ਜ਼ਿਆਦਾ ਬਹਾਦਰ ਤੇ ਬਲਵਾਨ ਹੁੰਦਾ ਹੈ। ‘ਤੁਸੀਂ ਜਿੰਨੇ ਦਿਸਦੇ ਹੋ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਤੇ ਜਿੰਨੇ ਤੁਸੀਂ ਸੋਚਦੇ ਹੋ, ਉਸ ਤੋਂ ਕਿਤੇ ਜ਼ਿਆਦਾ ਸਮਾਰਟ ਹੋ।