ਪਟਿਆਲਾ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਤੇ ਹੋਰ ਤਰੱਕੀ ਕਰਨ ਦੇ ਚਾਹਵਾਨ ਸਫ਼ਾਈ ਸੇਵਕਾਂ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰਕੇ ਜਿੰਦਗੀ 'ਚ ਹੋਰ ਅੱਗੇ ਵਧਣ ਲਈ ਰਾਹ ਦਸੇਰਾ ਬਣਿਆ ਜਾਵੇਗਾ।
ਸਫ਼ਾਈ ਸੇਵਕਾਂ ਤੇ ਦਰਚਾ ਚਾਰ ਕਰਮਚਾਰੀਆਂ ਨਾਲ ਨਵਾਂ ਸਾਲ
ਸੂਬੇ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਨੇ ਨਵੇਂ ਸਾਲ 2025 ਦੀ ਆਮਦ ਦਾ ਦੂਜਾ ਦਿਨ ਵੀ ਸਰਕਾਰੀ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੇ ਨਾਮ ਕਰਦਿਆਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੇ ਸਫ਼ਾਈ ਸੇਵਕਾਂ ਤੇ ਦਰਚਾ ਚਾਰ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵਰਤਾਇਆ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨੇ ਨਵੇਂ ਸਾਲ 1 ਜਨਵਰੀ ਵਾਲੇ ਦਿਨ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਫ਼ਾਈ ਸੇਵਕਾਂ ਨੂੰ ਖ਼ੁਦ ਖਾਣਾ ਵਰਤਾਕੇ ਖੁਸ਼ੀ ਸਾਂਝੀ ਕੀਤੀ ਸੀ।
ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਅਹਿਮ ਭੂਮਿਕਾ
ਡਾ. ਬਲਬੀਰ ਸਿੰਘ ਨੇ ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿਹਤ ਖੇਤਰ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਾ ਦੇਸ਼ ਦਾ ਅਹਿਮ ਰਾਜ ਬਣ ਗਿਆ ਹੈ। ਜਿਸ ਲਈ ਡਾਕਟਰਾਂ ਸਮੇਤ ਨਰਸਿੰਗ ਸਟਾਫ਼ ਤੇ ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮਾਤਾ ਕੌਸ਼ੱਲਿਆ ਹਸਪਤਾਲ ਸੂਬੇ ਦਾ ਬਿਹਤਰ ਹਸਪਤਾਲ ਵੀ ਸਫ਼ਾਈ ਸੇਵਕਾਂ ਦੀ ਬਦੌਲਤ ਹੀ ਬਣਿਆ ਹੈ।
ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੜ੍ਹਨ ਦਾ ਮੌਕਾ
ਡਾ. ਬਲਬੀਰ ਸਿੰਘ ਨੇ ਸਫ਼ਾਈ ਸੇਵਕਾਂ ਦੀ ਪਿੱਠ ਥਾਪੜਦਿਆਂ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਜਿੰਦਗੀ ਵਿੱਚ ਹੋਰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਜਿਹੜੇ ਸਫ਼ਾਈ ਸੇਵਕ ਤੇ ਦਰਜਾ ਚਾਰ ਕਰਮਚਾਰੀ ਦਸਵੀਂ ਜਾਂ ਬਾਰਵੀਂ ਜਮਾਤ ਪਾਸ ਹਨ ਅਤੇ ਅੱਗੇ ਪੜ੍ਹਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਨਰਸਿੰਗ ਸਹਾਇਕ, ਓਟੀ ਸਹਾਇਕ ਜਾਂ ਪੈਰਮੈਡਿਕ ਦਾ ਕੋਰਸ ਕਰਵਾ ਕੇ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਵਿੱਚ ਵੀ ਹੋਰ ਜਿਆਦਾ ਕੰਮ ਕਰਨ ਦਾ ਉਤਸ਼ਾਹ ਪੈਦਾ ਹੋਣ ਦੇ ਨਾਲ-ਨਾਲ ਇਨ੍ਹਾਂ ਵਿੱਚ ਹਾਂ ਪੱਖੀ ਵਾਤਾਵਰਣ ਸਿਰਜਿਆ ਜਾ ਰਿਹਾ ਹੈ।