ਚੰਡੀਗੜ੍ਹ: ਮੋਹਾਲੀ ਚੰਡੀਗੜ੍ਹ ਬਾਰਡਰ ਉੱਤੇ ਬੀਤੇ ਦਿਨੀ ਜਿੰਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਹਮਲਾ ਕੀਤਾ ਸੀ ਪੁਲਿਸ ਨੇ ਉਨ੍ਹਾਂ ਹਮਲਾਵਰਾਂ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀ ਹਨ। ਪੁਲਿਸ ਨੇ ਕੁੱਲ 10 ਹਮਲਾਵਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿੰਨ੍ਹਾਂ ਵਿੱਚੋਂ ਤਿੰਨ ਜਣਿਆਂ ਦੇ ਨਾਂਅ ਵੀ ਜਨਤਕ ਕੀਤੇ ਹਨ। ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਬਾਰੇ ਜਾਣਕਾਰੀ ਈਮੇਲ firno.63@gmail.com ਜਾਂ ਵਟਸਐਪ ਨੰਬਰ 98759-84001 'ਤੇ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਨੂੰ 10,000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਦੀ ਸੂਚਨਾ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਪੁਲਿਸ ਨਾਲ ਝੜਪ : ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ 'ਤੇ ਪੁਲਿਸ ਅਤੇ ਕੌਮੀ ਇਨਸਾਫ਼ ਮੋਰਚਾ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਨੂੰ ਲੈ ਕੇ ਹੰਗਾਮਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਦੀ ਵਰਤੋਂ ਕੀਤੀ ਅਤੇ ਤਲਵਾਰਾਂ ਵੀ ਚਲਾਈਆਂ। ਪ੍ਰਦਰਸ਼ਨਕਾਰੀ ਪੁਲਿਸ 'ਤੇ ਗੋਲੀਆਂ ਚਲਾਉਂਦੇ ਅਤੇ ਤਲਵਾਰਾਂ ਲਹਿਰਾਉਂਦੇ ਦੇਖੇ ਗਏ। ਇਸ ਦੌਰਾਨ ਕੁਝ ਨਿਹੰਗ ਸਿੰਘ ਮੁਹਾਲੀ ਦੇ ਐੱਸਐੱਸਪੀ ਦੀ ਸਰਕਾਰੀ ਰਿਹਾਇਸ਼ ਨੇੜਲੇ ਮੁਹਾਲੀ-ਚੰਡੀਗੜ੍ਹ ਦੇ ਐਂਟਰੀ ਪੁਆਇੰਟ 'ਤੇ ਲਾਇਆ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ ਸਨ। ਇਸ ਕਾਰਨ ਯੂਟੀ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਨਾਲ ਲਾਠੀਚਾਰਜ ਕਰਨਾ ਪਿਆ ਪਰ ਪ੍ਰਦਰਸ਼ਨਕਾਰੀ ਅੱਗੇ ਵਧਣ ਵਿੱਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ: Firing In Gurdaspur: ਗਲੀ ਮੂਹਰੇ ਗੱਡੀ ਲਾਉਣ ਪਿੱਛੇ ਚੱਲੀਆਂ ਗੋਲੀਆਂ, ਘਟਨਾ ਸੀਸੀਟੀਵੀ ਵਿਚ ਕੈਦ
20 ਤੋਂ ਵੱਧ ਮੁਲਾਜ਼ਮ ਜ਼ਖ਼ਮੀ: ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਹਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ 20 ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਜਿਸ ਵਿੱਚ ਸੱਤ ਮਹਿਲਾ ਪੁਲਿਸ ਮੁਲਾਜ਼ਮ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਦੀਆਂ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ 'ਚ ਕਰੀਬ 7 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ, ਦੱਸ ਦਈਏ ਹਮਲੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਸਹਿਜਤਾ ਨਾਲ ਕੰਮ ਕਰਦਿਆਂ ਕਿਸੇ ਵੀ ਆਮ ਆਦਮੀ ਨੂੰ ਸੱਟ ਨਹੀਂ ਪਹੁੰਚਾਈ ਸੀ ਅਤੇ ਨਾ ਹੀ ਕਿਸੇ ਉੱਤੇ ਟਾਰਗੇਟ ਕਰਕੇ ਹਮਲਾ ਕੀਤਾ ਸੀ।