ਚੰਡੀਗੜ੍ਹ: ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਗੈਂਗਸਟਰ ਵੱਡੇ-ਵੱਡੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਫੋਨ 'ਤੇ ਫਿਰੌਤੀ ਮੰਗਣ ਦੀਆਂ ਧਮਕੀਆਂ ਦਿੰਦੇ ਹਨ। ਪਰ ਜਦੋਂ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੀ ਉਨ੍ਹਾਂ ਨੂੰ ਧਮਕਾਉਣ ਲੱਗ ਜਾਵੇ ਤਾਂ ਇਸ ਨੂੰ ਕੀ ਕਿਹਾ ਜਾਵੇ ? ਦਰਾਅਸਰ ਚੰਡੀਗੜ੍ਹ ਪੁਲਿਸ ਦੀ ਸੈਕਟਰ-39 ਚੌਕੀ ਦੇ ਐਸਐਚਓ ਨਵੀਨ ਫੋਗਾਟ ਅਤੇ ਉਸ ਦੇ ਸਾਥੀਆਂ ਨੇ ਬਠਿੰਡਾ ਦੇ ਇੱਕ ਨਾਮੀ ਕਾਰੋਬਾਰੀ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣਾ ਆਇਆ ਹੈ। ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਹਨਾਂ ਤੋਂ 75 ਲੱਖ ਰੁਪਏ ਵੀ ਬਰਾਮਦ ਹੋਏ ਹਨ।
ਚੰਡੀਗੜ੍ਹ ਪੁਲਿਸ ਨੇ ਦੱਬ ਦਿੱਤਾ ਸੀ ਮਾਮਲਾ: ਜਾਣਕਾਰੀ ਅਨੁਸਾਰ ਸੈਕਟਰ-39 ਦੇ ਐਸਐਚਓ ਨਵੀਨ ਫੋਗਾਟ ਨੇ ਆਪਣੇ ਹੋਰ ਪੁਲਿਸ ਸਾਥੀਆਂ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਬਠਿੰਡਾ ਦੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਲੁੱਟ ਲਏ ਸਨ ਤੇ ਇਸ ਮਾਮਲੇ ਨੂੰ ਚੰਡੀਗੜ੍ਹ ਪੁਲਿਸ ਨੇ ਵੀ ਦਬਾ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਉਜ਼ਾਗਰ ਹੋਇਆ ਜਦੋਂ ਇਸ ਦੀ ਸ਼ਿਕਾਇਤ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਤੱਕ ਪਹੁੰਚੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੈਕਟਰ-39 ਥਾਣੇ ਵਿੱਚ ਹੀ ਨਵੀਨ ਫੋਗਾਟ ਅਤੇ ਉਹਨਾਂ ਦੇ ਸਾਥੀਆਂ ਉਤੇ ਮਾਮਲਾ ਦਰਜ ਕੀਤਾ।
ਐੱਸਐੱਸਪੀ ਕੰਵਰਦੀਪ ਕੌਰ ਨੇ ਕੀਤੀ ਪ੍ਰੈੱਸ ਕਾਨਫਰੰਸ: ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੈਕਟਰ-41 ਦੀ ਪੁਲਿਸ ਟੀਮ ਨੂੰ ਬਠਿੰਡਾ ਦੇ ਕਾਰੋਬਾਰੀਆਂ ਤੋਂ 2000 ਰੁਪਏ ਦੇ ਨੋਟ ਬਦਲ ਕੇ 1 ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਅਤੇ ਕਾਂਸਟੇਬਲ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮੁਲਜ਼ਮਾਂ ਤੋਂ ਲੁੱਟ ਦੇ 75 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਕਾਂਸਟੇਬਲ ਵਰਿੰਦਰ ਦੀ ਫੋਟੋ ਸੈਕਟਰ-39 ਥਾਣੇ ਵਿੱਚ ਚੰਗੇ ਕੰਮ ਲਈ ਚਿਪਕਾਈ ਹੋਈ ਹੈ। ਸ਼ਿਕਾਇਤਕਰਤਾ ਨੇ ਫੋਟੋ ਵਿੱਚ ਕਾਂਸਟੇਬਲ ਵਰਿੰਦਰ ਨੂੰ ਪਛਾਣ ਲਿਆ ਤੇ ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋ ਸਕੀ ਹੈ।
ਮੁੱਖ ਮੁਲਜ਼ਮ ਹੋਇਆ ਫਰਾਰ: ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਵੀਨ ਫੋਗਾਟ ਆਪਣੇ ਸਾਥੀਆਂ ਦੀ ਮੌਜੂਦਗੀ 'ਚ ਥਾਣੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਾਜ਼ਮਾਂ ਦੇ ਨਾਂ ਅਜੇ ਸਾਹਮਣੇ ਨਹੀਂ ਆਏ ਹਨ। ਇਸ ਮਾਮਲੇ ਦੀ ਜਾਂਚ ਡੀਐਸਪੀ ਚਰਨਜੀਤ ਸਿੰਘ ਕਰ ਰਹੇ ਹਨ ਅਤੇ ਐਸਐਸਪੀ ਖ਼ੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਇਹ ਮਾਮਲਾ ਅਜਿਹੇ ਮੌਕੇ 'ਤੇ ਸਾਹਮਣੇ ਆਇਆ ਹੈ, ਜਿੱਥੇ ਪਹਿਲਾਂ ਹੀ ਚੰਡੀਗੜ੍ਹ ਦੇ ਹੋਰ ਪੁਲਿਸ ਮੁਲਾਜ਼ਮਾਂ ਦੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।
ਇਸ ਤਰ੍ਹਾਂ ਵਾਪਰੀ ਘਟਨਾ: ਦੱਸ ਦੇਈਏ ਕਿ 4 ਅਗਸਤ ਨੂੰ ਬਠਿੰਡਾ ਦੇ ਰਹਿਣ ਵਾਲੇ ਸੰਜੇ ਗੋਇਲ ਨੇ 2000 ਦੇ ਨੋਟ ਬਦਲਣ ਦਾ ਕੰਮ ਆਪਣੇ ਦੋਸਤ ਨੂੰ ਸੌਂਪਿਆ ਸੀ। ਇਸ ਤੋਂ ਬਾਅਦ ਪੈਸੇ ਬਦਲੇ ਗਏ ਤੇ ਸੰਜੇ ਗੋਇਲ ਇੱਕ ਕਰੋੜ ਇੱਕ ਲੱਖ ਰੁਪਏ ਲੈ ਕੇ ਮੋਹਾਲੀ ਪਹੁੰਚ ਗਿਆ, ਜੋ ਕਿ ਸਾਰੇ 500 ਦੇ ਨੋਟ ਸਨ। ਇਸ ਤੋਂ ਬਾਅਦ ਸਰਵੇਸ਼ ਨਾਂ ਦਾ ਇੱਕ ਵਿਅਕਤੀ ਕਾਰੋਬਾਰੀ ਸੰਜੇ ਗੋਇਲ ਨੂੰ ਸੈਕਟਰ-40 ਲੈ ਗਿਆ, ਜਿੱਥੇ ਸੰਜੇ ਗੋਇਲ ਨੂੰ ਗਿੱਲ ਨਾਂ ਦਾ ਵਿਅਕਤੀ ਮਿਲਿਆ। ਇਥੇ ਹੀ ਪਹਿਲਾਂ ਤੋਂ ਮੌਜੂਦ ਇੰਸਪੈਕਟਰ ਅਤੇ ਵਰਦੀ 'ਚ ਤਿੰਨ ਹੋਰ ਪੁਲਿਸ ਕਰਮਚਾਰੀ ਸੰਜੇ ਗੋਇਲ ਦੀ ਕਾਰ ਕੋਲ ਗਏ ਤੇੇ ਉਹਨਾਂ ਨੇ ਸੰਜੇ ਗੋਇਲ ਅਤੇ ਉਸ ਦੇ ਡਰਾਈਵਰ ਨੂੰ ਫੜ੍ਹ ਲਿਆ ਤੇ ਗੱਡੀ ਦੀ ਤਲਾਸ਼ੀ ਲੈਂਦੇ ਹੋਏ ਚਾਰੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਪੈਸੇ ਕੱਢ ਲਏ।
ਇਸੇ ਦੌਰਾਨ ਪੁਲਿਸ ਦੇ ਚੁੰਗਲ 'ਚੋਂ ਫਰਾਰ ਹੋ ਕੇ ਸੰਜੇ ਗੋਇਲ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸੈਕਟਰ-39 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਥਾਣਾ ਸਦਰ ਵਿੱਚ ਆਈਪੀਸੀ ਦੀ ਧਾਰਾ-356, 386, 420, 506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਵੱਖਰੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ।