ਚੰਡੀਗੜ੍ਹ: ਰਾਜਧਾਨੀ ਵਿੱਚ ਅੱਜ ਬਿਜਲੀ ਕਾਮੇ ਤਿੰਨ ਦਿਨਾਂ ਦੀ ਹੜਤਾਲ ’ਤੇ ਚਲੇ ਗਏ ਹਨ। 22-23-24 ਫ਼ਰਵਰੀ ਨੂੰ ਹੜਤਾਲ ਜਾਰੀ ਰਹੇਗੀ। ਇਹ ਹੜਤਾਲ ਵਿਭਾਗ ਦੇ ਨਿੱਜੀਕਰਨ (Chandigarh Electricity Union On Strike) ਵਿਰੁੱਧ ਕੀਤੀ ਜਾ ਰਹੀ ਹੈ। ਇਸ ਦੌਰਾਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਭਾਵੇਂ ਸ਼ਹਿਰ ਵਿੱਚ ਬਿਜਲੀ ਚਾਲੂ ਰਹੇਗੀ ਪਰ ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਸ ਨੂੰ ਮੁਲਾਜ਼ਮਾਂ ਵੱਲੋਂ ਹੱਲ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਬਿਜਲੀ ਕਾਮਿਆਂ ਦੀ ਹੜਤਾਲ ਮਾਮਲੇ 'ਚ ਹਾਈਕੋਰਟ ਨੇ ਸੁਓ-ਮੋਟੋ ਲਿਆ ਹੈ। ਚੀਫ ਇੰਜੀਨੀਅਰ ਨੂੰ ਤਲਬ ਕਰ ਦਿੱਤਾ ਗਿਆ ਹੈ। ਹੜਤਾਲ ਕਾਰਨ ਚੰਡੀਗੜ੍ਹ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ ਹੈ।
ਹੜਤਾਲ ਬਾਰੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੋ ਹੜਤਾਲ ਬਿਜਲੀ ਕਾਮੇ ਕਰ ਰਹੇ ਹਨ, ਉਹ ਸਹੀ ਨਹੀਂ ਹੈ। ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਕਾਮਿਆਂ ਨੂੰ ਹੜਤਾਲ ਨਾ ਕਰਨ ਅਤੇ ਆਪਣੇ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਸਬੰਧੀ ਸਮੱਸਿਆਵਾਂ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ। ਇਸ 'ਤੇ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਇਲਾਕੇ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ: ਰੇਲਵੇ ਟਰੈਕ ਤੋਂ 10 ਸਾਲਾਂ ਬੱਚੀ ਦੀ ਲਾਸ਼ ਬਰਾਮਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 1 ਫ਼ਰਵਰੀ ਨੂੰ ਬਿਜਲੀ ਮੁਲਾਜ਼ਮਾਂ ਨੇ ਵਿਭਾਗ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਇੱਕ ਦਿਨ ਦੀ ਹੜਤਾਲ ਕੀਤੀ ਸੀ। ਇਸ ਦੌਰਾਨ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ 20-22 ਘੰਟੇ ਲਾਈਟਾਂ ਬੰਦ ਰਹੀਆਂ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਕਿ ਲੋਕਾਂ ਦਾ ਗੁੱਸਾ ਨਾ ਭੜਕਦਾ, ਪ੍ਰਸ਼ਾਸਨ ਨੇ ਇਹਤਿਆਤ ਵਜੋਂ 13 ਕੇਂਦਰਾਂ 'ਤੇ ਪੁਲਿਸ ਵੀ ਤਾਇਨਾਤ ਕਰ ਦਿੱਤੀ ਸੀ |
ਕੀ ਹਨ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ
ਦਰਅਸਲ ਬਿਜਲੀ ਕਾਮੇ ਆਪਣੀਆਂ ਚਾਰ ਨੁਕਾਤੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਬਿਜਲੀ ਮੁਲਾਜ਼ਮਾਂ ਦੀ ਮੰਗ ਹੈ ਕਿ ਬਿਜਲੀ ਵਿਭਾਗ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਮਸ਼ੀਨਰੀ, ਇਮਾਰਤ ਅਤੇ ਜ਼ਮੀਨ ਦੀ ਕੀਮਤ ਤੈਅ ਕਰਕੇ ਆਡਿਟ ਕਰਵਾਇਆ ਜਾਵੇ, ਜਿਸ ਪ੍ਰਾਈਵੇਟ ਕੰਪਨੀ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ, ਉਸ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਵੇ। ਪੰਜ ਸਾਲ ਸਰਕਾਰੀ ਰੁਤਬਾ ਬਹਾਲ ਕੀਤਾ ਜਾਵੇ।