ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਤੇ ਲੌਕਡਾਊਨ ਕੀਤਾ ਹੋਇਆ ਹੈ। ਇਸ ਤਹਿਤ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਸੜਕਾਂ 'ਤੇ 'ਸਟੇਅ ਹੋਮ ਸਟੇਅ ਸੇਫ' ਲਿਖਵਾਇਆ ਜਾ ਰਿਹਾ ਹੈ।
ਦੱਸ ਦਈਏ, ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਰਫਿਊ ਲਾਇਆ ਹੋਇਆ ਤਾਂ ਕਿ ਵਾਇਰਸ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਕਿ ਵਾਇਰਸ ਜ਼ਿਆਦਾ ਨਾ ਫੈਲ ਸਕੇ।
ਇਸ ਤਹਿਤ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਨੇ ਸੜਕਾਂ ਦੀ ਐਂਟਰੀ 'ਤੇ ਹੀ ਵੱਡੇ-ਵੱਡੇ ਅੱਖਰਾਂ ਵਿੱਚ 'ਸਟੇਅ ਹੋਮ ਸਟੇਅ ਸੇਫ' ਲਿਖਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਸੜਕ 'ਤੇ ਨਿਕਲਣ ਉਹ 'ਸਟੇਅ ਹੋਮ ਸਟੇਅ ਸੇਫ਼' ਨੂੰ ਜ਼ਰੂਰ ਪੜ੍ਹਨ। ਇਸ ਕੰਮ ਦਾ ਪਹਿਲਾਂ ਟ੍ਰਾਇਲ ਸੈਕਟਰ 40 ਤੇ ਸੈਕਟਰ 38 ਦੀ ਡਿਵਾਇਡਿੰਗ ਰੋਡ 'ਤੇ ਕੀਤਾ ਗਿਆ।
ਉੱਥੇ ਹੀ ਇੱਕ ਰਾਹਗੀਰ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਬਹੁਤ ਚੰਗੀ ਪਹਿਲ ਹੈ। ਹੁਣ ਜਿਹੜੇ ਲੋਕ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਿਕਲਣਗੇ ਉਹ ਇਹ ਡਾਇਲਾਗ ਪੜ੍ਹ ਕੇ ਸ਼ਰਮਿੰਦਾ ਹੋਣਗੇ ਤੇ ਆਪਣੇ ਘਰਾਂ ਨੂੰ ਪਰਤਣਗੇ।