ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਲਿਆਂਦੇ ਤਿੰਨ ਆਰਡੀਨੈਸਾਂ ਦੇ ਖ਼ਿਲਾਫ਼ ਪੰਜਾਬ ਕਾਂਗਰਸ ਸਰਕਾਰ ਸੂਬੇ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਇਕਾਂ ਅਤੇ ਕੈਬਿਨੇਟ ਮੰਤਰੀਆਂ ਨਾਲ ਦੂਸਰੀ ਬੈਠਕ ਪੰਜਾਬ ਭਵਨ ਦੇ ਵਿੱਚ ਬੈਠਕ ਕੀਤੀ।
ਇਸ ਬੈਠਕ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਇਹ ਤਿੰਨ ਆਰਡੀਨੈਂਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਝੱਲਣੀ ਪਵੇਗੀ, ਜਿਸ ਦੇ ਤਹਿਤ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉੱਥੇ ਹੀ ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਵੈਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਜੇਪੀ ਸਰਕਾਰ ਦਾ ਪੰਜਾਬ ਦੀ ਮੰਡੀਆਂ ਨੂੰ ਖਤਮ ਕਰ ਕਿਸਾਨਾਂ ਨੂੰ ਵੀ ਖਤਮ ਕਰਨ ਦਾ ਵੱਡਾ ਪਲਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਰਾਹੀਂ ਪੰਜਾਬ ਸਣੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਨੁਕਸਾਨ ਝੱਲਣਾ ਪਵੇਗਾ ਕਿਉਂਕਿ ਕੇਂਦਰ ਸਰਕਾਰ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਖੇਤੀ ਸੈਕਟਰ ਨੂੰ ਦੇਣਾ ਚਾਹੁੰਦੀ ਹੈ।
ਇਹ ਵੀ ਪੜੋ: ਬਠਿੰਡਾ ਥਰਮਲ ਪਲਾਂਟ ਦੇ ਮੁੱਦੇ 'ਤੇ ਮਨਪ੍ਰੀਤ ਬਾਦਲ ਨੇ ਦਿੱਤੀ ਸਫ਼ਾਈ
ਇਸ ਦੇ ਨਾਲ ਵੈਦ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕਿਸੇ ਸਮੇਂ ਅਕਾਲੀ ਦਲ ਸੰਘੀ ਢਾਂਚੇ ਦੀ ਹਮਾਇਤ ਕਰਨ ਵਾਲਾ ਅੱਜ ਇਸ ਮਾਮਲੇ 'ਤੇ ਚੁੱਪ ਕਰ ਕੇ ਬੈਠ ਗਿਆ ਹੈ ਪਰ ਕਾਂਗਰਸ ਕਿਸਾਨਾਂ ਦੇ ਹੱਕਾਂ ਲਈ ਅਖੀਰ ਤੱਕ ਲੜੇਗਾ, ਜੇ ਉਨ੍ਹਾਂ ਨੂੰ ਕੋਰਟ ਵਿੱਚ ਵੀ ਜਾਣਾ ਪਿਆ ਤਾਂ ਉਹ ਉੱਥੇ ਵੀ ਕੇਸ ਕਰਨਗੇ।