ਚੰਡੀਗੜ : ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਦੁਨੀਆਂ ਵਿੱਚ ਹਾ-ਹਾ-ਕਾਰ ਮੱਚੀ ਪਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ 14 ਅਪ੍ਰੈਲ ਤੱਕ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਸੰਕਟ ਦੇ ਚੱਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਖਰਚੇ ਲਈ 53.43 ਕਰੋੜ ਰੁਪਏ ਰੱਖੇ ਹਨ ਅਤੇ ਇਹ ਰਾਸ਼ੀ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੀ ਹੈ।
ਇਹ ਰਾਸ਼ੀ ਮਾਲ, ਮੁੜ ਵਸੇਬਾ ਤੇ ਆਫ਼ਤਨ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਸੂਬਾ ਆਫ਼ਤਨ ਰਿਸਪਾਂਸ ਫੰਡ ਵਜੋਂ ਖ਼ਰਚਿਆ ਜਾਵੇਗਾ।
ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਨੂੰ 6.75 ਕਰੋੜ, ਅੰਮ੍ਰਿਤਸਰ ਨੂੰ 6 ਕਰੋੜ, ਲੁਧਿਆਣੇ ਜ਼ਿਲ੍ਹੇ ਨੂੰ 5 ਕਰੋੜ, ਹੁਸ਼ਿਆਰਪੁਰ ਨੂੰ 5 ਕਰੋੜ, ਫ਼ਰੀਦਕੋਟ ਨੂੰ 3.5 ਕਰੋੜ, ਜਲੰਧਰ ਤੇ ਸੰਗਰੂਰ ਨੂੰ 3-3 ਕਰੋੜ, ਪਟਿਆਲਾ ਨੂੰ 2.5 ਕਰੋੜ, ਐੱਸ.ਏ.ਐੱਸ ਨਗਰ ਨੂੰ 2.18 ਕਰੋੜ, ਮੋਗਾ ਨੂੰ 1.90 ਕਰੋੜ, ਸ਼ਹੀਦ ਭਗਤ ਸਿੰਘ ਨਗਰ ਨੂੰ 1.60 ਕਰੋੜ, ਤਰਨ ਤਾਰਨ, ਗੁਰਦਾਸਪੁਰ, ਰੂਪਨਗਰ ਤੇ ਫ਼ਾਜ਼ਿਲਕਾ ਨੂੰ 1.5-1.5 ਕਰੋੜ, ਫ਼ਿਰੋਜ਼ਪੁਰ, ਪਠਾਨਕੋਟ ਤੇ ਬਰਨਾਲਾ ਨੂੰ 1.25-1.25 ਕਰੋੜ, ਕਪੂਰਥਲਾ ਤੇ ਬਠਿੰਡਾ ਨੂੰ 1-1 ਕਰੋੜ, ਮਾਨਸਾ ਨੂੰ 75 ਲੱਖ ਅਤੇ ਫ਼ਤਿਹਗੜ੍ਹ ਸਾਹਿਬ ਨੂੰ 50 ਲੱਖ ਰੁਪਏ ਜਾਰੀ ਕੀਤੇ ਗਏ ਹਨ।