ਚੰਡੀਗੜ੍ਹ: ਰਾਜ ਸਭਾ ਮੈਂਬਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਲਈ ਕੀਤੀ ਗਈ ਮੰਗ ਨੂੰ ਬੇਤੁੱਕੀ ਅਤੇ ਅਣਉਚਿਤ ਦੱਸਦੇ ਹੋਏ ਇਸ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਖਿਆ ਕਿ ਉਹ ਮੇਰੀ ਸਰਕਾਰ ਦੇ ਕੰਮਕਾਜ ਤੋਂ ਪਾਸੇ ਰਹਿਣ ਜਿਸ ਤੋਂ ਤੁਸੀ ਪੂਰੀ ਤਰ੍ਹਾਂ ਅਣਜਾਣ ਹੋ।
ਬਾਜਵਾ ਦੇ ਖੁੱਲੇ ਪੱਤਰ ਜਿਸ ਵਿੱਚ ਐਡਵੋਕੇਟ ਜਨਰਲ ਦੀਆਂ ਕਥਿਤ ਨਾਕਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਪਰ ਸਖ਼ਤ ਰੁਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਵੱਲੋਂ ਸਿਆਸੀ ਸ਼ੋਹਰਤ ਖੱਟਣ ਲਈ ਤਿਲਮਿਲਾਉਣ ਦੀ ਨਿਸ਼ਾਨੀ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਮੈਨੂੰ ਐਡਵੋਕੇਟ ਜਨਰਲ ਵਿੱਚ ਪੂਰਨ ਵਿਸ਼ਵਾਸ ਹੈ।
ਐਡਵੋਕੇਟ ਜਨਰਲ ਵਿਰੁੱਧ ਨਿਰਆਧਾਰ ਦੋਸ਼ਾਂ ਵਾਲੇ ਲਿਖੇ ਪੱਤਰ 'ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਬਾਜਵਾ ਨੂੰ ਕਿਹਾ,''ਅਤੁਲ ਨੰਦਾ ਦੀ ਕਾਬਲੀਅਤ ਨੂੰ ਸਮਝਣ ਦੇ ਤੁਸੀਂ ਨਾ ਤਾਂ ਸਮਰੱਥ ਹੋ ਅਤੇ ਨਾ ਹੀ ਯੋਗ ਅਤੇ ਜਿਨ੍ਹਾਂ ਮਸਲਿਆਂ ਬਾਰੇ ਤਹਾਨੂੰ ਕੁਝ ਪਤਾ ਹੀ ਨਹੀਂ ਹੈ, ਉਨ੍ਹਾਂ ਉਪਰ ਕਿੰਤੂ-ਪ੍ਰੰਤੂ ਜਾਂ ਦਖ਼ਲਅੰਦਾਜ਼ੀ ਕਰਨ ਦਾ ਤੁਹਾਡਾ ਕੋਈ ਕੰਮ ਨਹੀਂ।
ਬਾਜਵਾ ਨੇ ਆਪਣੇ ਟਵਿੱਟਰ ਖਾਤੇ 'ਤੇ ਅੱਜ ਬਾਅਦ ਦੁਪਹਿਰ 'ਖੁੱਲ੍ਹਾ ਪੱਤਰ' ਪਾਇਆ ਜਿਸ ਵਿੱਚ ਉਸ ਨੇ ਸੱਤ ਮਿਸਾਲਾਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਐਡਵੋਕੇਟ ਜਨਰਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿੱਚ ਛੇ ਮਾਮਲਿਆਂ ਵਿੱਚ ਅਤੁਲ ਨੰਦਾ ਨੇ ਪੰਜਾਬ ਦੀ ਨੁਮਾਇੰਦਗੀ ਵੀ ਨਹੀਂ ਕੀਤੀ ਜਿਸ ਤੋਂ ਪਤਾ ਲਗਦਾ ਹੈ ਕਿ ਬਾਜਵਾ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਬਾਜਵਾ ਦੀ ਏ.ਜੀ. ਵਿਰੁੱਧ ਨਿੱਜੀ ਕਿੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਉਨ੍ਹਾਂ ਮੁੱਦਿਆਂ 'ਤੇ ਆਪਣੀ ਸਲਾਹ ਦੇਣੀ ਬੰਦ ਕਰਨ ਲਈ ਆਖਿਆ ਜਿਨ੍ਹਾਂ ਮੁੱਦਿਆਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੀ ਬਜਾਏ ਉਸ ਨੂੰ ਰਾਜ ਸਭਾ ਵਿੱਚ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ।