ਚੰਡੀਗੜ੍ਹ : ਪੰਜਾਬ ਜਿੰਨਾ ਖੁਸ਼ਹਾਲ ਅਤੇ ਜਿੰਨਾ ਦਲੇਰ ਲੋਕਾਂ ਦਾ ਸੂਬਾ ਹੈ ਓਨੀਆਂ ਹੀ ਆਫ਼ਤਾਂ ਪੰਜਾਬ ਸਿਰ ਭਾਰੂ ਰਹੀਆਂ ਹਨ। ਪੰਜਾਬ ਕਿੰਨੀ ਹੀ ਵਾਰ ਟੁੱਟਿਆ ਅਤੇ ਕਈ ਵਾਰ ਮੁੜ ਤੋਂ ਉੱਠ ਕੇ ਆਪਣੀ ਹੋਂਦ ਕਾਇਮ ਕੀਤੀ। ਕਈ ਕਾਲੇ ਦੌਰ, ਸਾਜਿਸ਼ਾਂ, ਖਾੜਕੂਵਾਦ ਦੀਆਂ ਲਹਿਰਾਂ ਦੌਰਾਨ ਜਵਾਨੀ ਦਾ ਹੁੰਦਾ ਘਾਣ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਇਆ। ਇਤਿਹਾਸ ਦੇ ਪੰਨਿਆਂ ਵਿਚ ਦਰਜ ਹੈ ਕਿ ਕਿਸ ਤਰ੍ਹਾਂ ਪੰਜਾਬ ਨੇ ਮਾੜੇ ਦੌਰ ਵਿਚੋਂ ਉੱਠ ਕੇ ਆਪਣਾ ਆਪਾ ਸੰਭਾਲਿਆ। ਪੰਜਾਬ 1980 ਦੇ ਦਹਾਕੇ ਦੇ ਮੱਧ ਤੋਂ 1990 ਦੇ ਦਹਾਕੇ ਦੇ ਮੱਧ ਤੱਕ ਖਾਲਿਸਤਾਨੀ ਲਹਿਰ ਦੇ ਖਾੜਕੂਆਂ ਦੀ ਹਥਿਆਰਬੰਦ ਵਿਚ ਘਿਿਰਆ ਰਿਹਾ। ਅੱਤਵਾਦ, ਪੁਲਿਸ ਦੀ ਬੇਰਹਿਮੀ ਅਤੇ ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ਪੰਜਾਬ ਵਿਚ 1984 ਦੇ ਦੌਰ ਵਿਚ ਪ੍ਰਭਾਵੀ ਰਿਹਾ। ਅਜਿਹੀਆਂ ਗਤੀਵਿਧੀਆਂ ਤੋਂ ਬਾਅਦ ਜਦੋਂ ਪੰਜਾਬ ਮੁੜ ਸੁਰਜੀਤ ਹੋਇਆ ਤਾਂ ਕੋਝੀਆਂ ਚਾਲਾਂ ਨਾਲ ਖਾਲਿਸਤਾਨ ਦੇ ਨਾਂ 'ਤੇ ਮੁੜ ਤੋਂ ਕਈ ਵਾਰ ਪੰਜਾਬ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਗਈ। ਅੱਤਵਾਦ ਵਿਰੋਧੀ ਦਿਹਾੜੇ ਮੌਕੇ ਗੱਲਬਾਤ ਕਰਾਂਗੇ ਕੀ ਪੰਜਾਬ ਵਿਚ ਕਿਧਰੇ ਮੁੜ ਤੋਂ ਤਾਂ ਨਹੀਂ ਖਾਲਿਸਤਾਨ ਦੀ ਲਹਿਰ ਪੈਰ ਪਸਾਰ ਰਹੀ।
ਕੀ ਪੰਜਾਬ 'ਚ ਮੁੜ ਤੋਂ ਪੈਰ ਪਸਾਰ ਰਹੀ ਖਾਲਿਸਤਾਨ ਲਹਿਰ ? : ਪੰਜਾਬ ਵਿਚ ਸਮੇਂ ਸਮੇਂ ਤੇ ਕੁਝ ਅਜਿਹੀਆਂ ਗਤੀਵਿਧੀਆਂ ਹੁੰਦੀਆਂ ਹਨ ਜਿਹਨਾਂ ਤੋਂ ਬਾਅਦ ਇਹ ਸਵਾਲ ਉੱਠਦਾ ਹੈ ਕਿ ਕਿਧਰੇ ਪੰਜਾਬ 'ਚ ਮੁੜ ਤੋਂ ਖਾਲਿਸਤਾਨ ਦੀ ਲਹਿਰ ਪੈਰ ਤਾਂ ਨਹੀਂ ਪਸਾਰ ਰਹੀ ? ਹਾਲ ਹੀ 'ਚ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵੱਲੋਂ ਮੁੜ ਤੋਂ ਖਾਲਿਸਤਾਨ ਪੱਖੀ ਜਿਹਨਾਂ ਨਾਅਰਿਆਂ ਨੂੰ ਬੁਲੰਦ ਕੀਤਾ ਜਾਂਦਾ ਰਿਹਾ ਉਹਨਾਂ ਨੂੰ ਦਬਾਅ ਕੇ ਇਸ ਮੁਹਿੰਮ ਨੂੰ ਕੁਝ ਹੱਦ ਤੱਕ ਠੱਲ ਪਾਈ ਗਈ। ਜਦੋਂ ਅੰਮ੍ਰਿਤਪਾਲ ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮ ਸੀ ਤਾਂ ਉਸ ਵਕਤ ਵੀ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਕਿਧਰੇ ਮੁੜ ਤੋਂ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਸੁਰਜੀਤ ਨਾ ਹੋ ਜਾਵੇ। ਜਿਸਦੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸਾਹਮਣੇ ਆਇਆ ਕਿ ਪੰਜਾਬ ਵਿਚ ਮੁੜ ਤੋਂ ਖਾਲਿਸਤਾਨ ਲਹਿਰ ਪੈਰ ਕਦੇ ਵੀ ਨਹੀਂ ਪਸਾਰ ਸਕਦੀ।
ਪੰਜਾਬ ਦੀ ਸੁਰੱਖਿਆ ਅਤੇ ਪੰਜਾਬੀਆਂ ਦੀ ਤਾਸੀਰ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਰੱਖਿਆ ਮਾਹਿਰ ਵੀ ਇਹੀ ਕਹਿੰਦੇ ਹਨ ਕਿ ਪੰਜਾਬ ਵਿਚ ਖਾਲਿਸਤਾਨ ਦੀ ਲਹਿਰ ਮੁੜ ਕਦੇ ਵੀ ਸੁਰਜੀਤ ਨਹੀਂ ਹੋ ਸਕਦੀ ਅਤੇ ਨਾ ਹੀ ਕਾਲਾ ਦੌਰ ਅਤੇ ਖਾੜਕੂਵਾਦ ਕਦੇ ਮੁੜ ਆ ਸਕਦਾ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਮਨ 'ਚ ਖਾਲਿਸਤਾਨ ਦੀ ਵਿਚਾਰਧਾਰਾ ਕਦੇ ਨਹੀਂ ਸੀ ਅਤੇ ਨਾ ਹੀ ਹੋਵੇਗੀ। ਇਹ ਵਿਚਾਰਧਾਰਾ ਪੰਜਾਬ ਦੇ ਆਮ ਲੋਕਾਂ ਦੀ ਨਹੀਂ ਸਗੋਂ ਕੁਝ ਕੱਟੜਪੰਥੀ ਸਮੂਹਾਂ ਦੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੇਲ੍ਹਾਂ ਅਤੇ ਆਰਮੀ ਦੇ ਸਾਬਕਾ ਕਰਨਲ ਵਿਪੀਨ ਪਾਠਕ ਦੇ ਨਜ਼ਰੀਏ ਅਨੁਸਾਰ ਖਾਲਿਸਤਾਨ ਦੇ ਨਾਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਦੇਸ਼ਾਂ ਵਿਚ ਬੈਠੇ ਚੰਦ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਪਰ ਪੰਜਾਬੀ ਨਾ ਕਦੇ ਇਹ ਚਾਹੁੰਦੇ ਸਨ ਅਤੇ ਨਾ ਹੀ ਅੱਗੇ ਚਾਹੁਣਗੇ। ਪੰਜਾਬ ਦੇ ਲੋਕ ਸ਼ਾਂਤੀ ਪਸੰਦ ਅਤੇ ਮਿਹਨਤਕਸ਼ ਹਨ ਪਹਿਲਾਂ ਹੀ 80 ਦੇ ਦਹਾਕੇ ਤੋਂ 90 ਤੱਕ ਉਹ ਬਹੁਤ ਸਾਰਾ ਸੰਤਾਪ ਹੰਢਾਇਆ ਹੁਣ ਮੁੜ ਉਸ ਦੌਰ ਵਿਚ ਜਾਣ ਦੀ ਗਲਤੀ ਪੰਜਾਬੀ ਕਦੇ ਨਹੀਂ ਕਰ ਸਕਦੇ।
ਪੰਜਾਬ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਕਿੰਨੇ ਆਗੂ ? : ਪੰਜਾਬ ਨੂੰ ਖਾਲਿਸਤਾਨੀ ਨਾਅਰਿਆਂ, ਸਲੋਗਨਾਂ, ਬੰਬ ਧਮਾਕਿਆਂ ਅਤੇ ਧਮਕੀਆਂ ਦੇ ਨਾਂ ਤੇ ਕਈ ਵਾਰ ਦਹਿਲਾਉਣ ਦੀ ਕੋਸ਼ਿਸ਼ਾਂ ਨਾਕਾਮ ਰਹੀਆਂ। ਵਿਦੇਸ਼ਾਂ ਵਿਚੋਂ ਜਾਂ ਫਿਰ ਪਾਕਿਸਤਾਨ 'ਚ ਬੈਠੇ ਖਾਲਿਸਤਾਨ ਪੱਖੀ ਨੇਤਾ ਪੰਜਾਬ ਵਿਚ ਕਈ ਤਰ੍ਹਾਂ ਦੇ ਅਣਸੁਖਾਵੇਂ ਹਾਲਾਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਪਰ ਪੰਜਾਬ ਵਿਚ ਸਿੱਧੇ ਤਰੀਕੇ ਨਾਲ ਕੋਈ ਲੀਡਰ ਖਾਲਿਸਤਾਨ ਪੱਖੀ ਬਿਆਨਬਾਜ਼ੀ ਨਹੀਂ ਕਰਦੇ। ਹਾਲਾਂਕਿ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਦਲਜੀਤ ਸਿੰਘ ਬਿੱਟੂ ਖਾਲਿਸਤਾਨ ਪੱਖੀ ਤਕਰੀਰਾਂ ਜ਼ਰੂਰ ਦਿੰਦੇ ਹਨ ਅਤੇ ਖਾਲਿਸਤਾਨ ਦਾ ਸਮਰਥਨ ਕਰਦੇ ਹਨ।
ਪੰਜਾਬ ਦੀ ਸਿਆਸਤ ਵਿਚ ਸਿਮਨਜੀਤ ਸਿੰਘ ਮਾਨ ਦੀ ਇਕਲੌਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੋ ਕਿ ਖਾਲਿਸਤਾਨ ਵਿਚਾਰਧਾਰਾ ਦੀ ਗੱਲ ਕਰਦੀ ਹੈ। ਜਦਕਿ ਇਸ ਪਾਰਟੀ ਦਾ ਪੰਜਾਬ ਵਿਚ ਕੋਈ ਬਹੁਤਾ ਅਧਾਰ ਨਹੀਂ ਹੈ। ਦੁਬਈ ਤੋਂ ਆਏ ਅੰਮ੍ਰਿਤਪਾਲ ਨੇ ਪੰਜਾਬ ਵਿਚ ਖਾਲਿਸਤਾਨ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਵਾਰਿਸ ਪੰਜਾਬ ਦੇ ਨਾਂ ਦੀ ਜੱਥੇਬੰਦੀ ਸਥਾਪਿਤ ਵੀ ਕੀਤੀ ਪਰ ਸਰਕਾਰਾਂ ਵੱਲੋਂ ਇਸਤੇ ਠੱਲ੍ਹ ਪਾ ਦਿੱਤੀ ਗਈ। ਇਸਤੋਂ ਪਹਿਲਾਂ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਖਾਲਿਸਤਾਨ ਦਾ ਸਮਰਥਨ ਕੀਤਾ ਸੀ। ਫਰਵਰੀ 2022 'ਚ ਦੀਪ ਸਿੱਧੂ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। 1969 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹਾਰਨ ਤੋਂ ਦੋ ਸਾਲ ਬਾਅਦ ਜਗਜੀਤ ਸਿੰਘ ਚੋਹਾਨ ਨੇ ਇੰਗਲੈਂਡ ਜਾ ਕੇ ਖਾਲਿਸਤਾਨ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ।
ਕਿੰਨੀਆਂ ਖਾਲਿਸਤਾਨੀ ਜਥੇਬੰਦੀਆਂ ਸਰਗਰਮ : ਵਿਦੇਸ਼ਾਂ ਅਤੇ ਪਾਕਿਸਤਾਨ ਵਿਚ ਬੈਠ ਕੇ ਕਈ ਖਾਲਿਸਤਾਨੀ ਆਗੂ ਆਪਣੀਆਂ ਜਥੇਬੰਦੀਆਂ ਰਾਹੀਂ ਖਾਲਿਸਤਾਨੀ ਮੁਹਿੰਮ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹਨਾਂ ਜੱਥੇਬੰਦੀਆਂ ਦਾ ਸਮਰਥਨ ਕਰਨ ਵਾਲੇ ਕੁਝ ਆਗੂ ਪੰਜਾਬ 'ਚ ਵੀ ਹਨ। ਬੱਬਰ ਖਾਲਸਾ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਕਮਾਂਡੋ ਫੋਰਸ, ਭਿੰਡਰਾਂਵਾਲਾ ਟਾਈਗਰ ਫੋਰਸ ਖਾਲਿਸਤਾਨ, ਖਾਲਿਸਤਾਨ ਆਰਮਡ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀਆਂ ਖਾਲਿਸਤਾਨੀ ਮੁਹਿੰਮ ਨੂੰ ਤੂਲ ਦੇ ਰਹੇ ਹਨ। ਇੰਗਲੈਂਡ, ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਜਰਮਨ ਵਰਗੇ ਦੇਸ਼ਾਂ ਵਿਚੋਂ ਇਹਨਾਂ ਜਥੇਬੰਦੀਆਂ ਨੂੰ ਹਵਾ ਦਿੱਤੀ ਜਾ ਰਹੀ ਹੈ।
ਅੰਮ੍ਰਿਤਪਾਲ ਦਾ ਕੀ ਹੈ ਖਾਲਿਸਤਾਨ ਕਨੈਕਸ਼ਨ ? : ਅੰਮ੍ਰਿਤਪਾਲ ਦੀਆਂ ਸਰਗਰਮੀਆਂ ਪੰਜਾਬ ਵਿਚ ਕੋਈ ਬਹੁਤ ਪੁਰਾਣੀਆਂ ਨਹੀਂ। ਸਿਰਫ਼ 6 ਮਹੀਨੇ ਦੇ ਅੰਦਰ ਅੰਦਰ ਪੰਜਾਬ 'ਚ ਅੰਮ੍ਰਿਤਪਾਲ ਦੀ ਚੜਾਈ ਹੋਈ ਅਤੇ ਇਹਨਾਂ 6 ਮਹੀਨਿਆਂ ਦੇ ਅੰਦਰ ਹੀ ਅੰਮ੍ਰਿਤਪਾਲ ਦੀ ਮੁਹਿੰਮ ਖ਼ਤਮ ਕਰ ਦਿੱਤੀ ਗਈ। ਉਹ ਆਪਣੇ ਸਮਰਥਕਾਂ ਨਾਲ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਅਤੇ 25 ਸਤੰਬਰ 2022 ਨੂੰ ਸਿੱਖ ਵਜੋਂ ਅੰਮ੍ਰਿਤ ਛਕ ਲਿਆ। ਚਾਰ ਦਿਨਾਂ ਬਾਅਦ ਰੋਡੇ ਵਿਖੇ ਇੱਕ ਸ਼ਾਨਦਾਰ ਸਮਾਗਮ ਹੋਇਆ। ਖਾਲਿਸਤਾਨੀ ਵਿਚਾਰਧਾਰਾ ਵਾਲੇ ਮਰਹੂਮ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਅੰਮ੍ਰਿਤਪਾਲ ਦੀ ਦਸਤਾਰਬੰਦੀ ਦੀ ਰਸਮ ਲਈ। ਉਸਨੇ ਭਿੰਡਰਾਂਵਾਲੇ ਦੇ ਰੂਪ ਵਿੱਚ ਪਹਿਰਾਵਾ ਕੀਤਾ ਅੰਮ੍ਰਿਤਪਾਲ ਨੂੰ ਭਿੰਡਰਾਂਵਾਲਾ 2.0 ਕਿਹਾ ਜਾਣ ਲੱਗਾ ਸੀ ਅਤੇ ਉਸਨੇ ਰਾਜ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿੱਚ ਖਤਰੇ ਦੀ ਘੰਟੀ ਵਜਾ ਦਿੱਤੀ ਸੀ। ਉਸ ਨੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਲਈ ਅੰਮ੍ਰਿਤ ਪ੍ਰਚਾਰ ਮੁਹਿੰਮ ਚਲਾਈ। ਉਨ੍ਹਾਂ ਦਾ ਪਹਿਲਾ ਪ੍ਰੋਗਰਾਮ ਰਾਜਸਥਾਨ ਦੇ ਗੰਗਾਨਗਰ ਵਿੱਚ ਸੀ ਅਤੇ ਬਾਅਦ ਵਿੱਚ ਪੰਜਾਬ ਅਤੇ ਇੱਥੋਂ ਤੱਕ ਕਿ ਹਰਿਆਣਾ ਵਿੱਚ ਵੀ।
ਉਸ ਦੇ ਸਮਾਗਮਾਂ ਨੇ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕੀਤਾ, ਪਰ ਸੁਰੱਖਿਆ ਏਜੰਸੀਆਂ ਦੂਰੀ 'ਤੇ ਰਹੀਆਂ। ਅਜਨਾਲਾ ਥਾਣਾ ਉੱਤੇ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਆਇਆ। ਜਦੋਂ ਅੰਮ੍ਰਿਤਪਾਲ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਕਈ ਪਾਕਿਸਤਾਨੀ ਅਤੇ ਬੱਬਰ ਖਾਲਸਾ ਨਾਲ ਸਬੰਧਾਂ ਨੂੰ ਘੋਖਿਆ ਗਿਆ। ਇਥੋਂ ਤੱਕ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੂੰ ਬੱਬਰ ਖਾਲਸਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਪੰਜਾਬ ਸਰਕਾਰ ਨੇ ਗ੍ਰਿਫਤਾਰੀਆਂ, ਪਨਾਹਗਾਹਾਂ, ਵਿਦੇਸ਼ੀ ਫੰਡਿੰਗ ਅਤੇ ਅੰਮ੍ਰਿਤਪਾਲ ਸਿੰਘ ਦੇ ਵਿਦੇਸ਼ੀ ਅੱਤਵਾਦੀਆਂ ਨਾਲ ਸਬੰਧਾਂ ਬਾਰੇ ਵੀ ਸੂਚਨਾ ਗ੍ਰਹਿ ਮੰਤਰਾਲੇ ਨੂੰ ਸੌਂਪੀ। ਪੰਜਾਬ ਸਰਕਾਰ ਨੇ ਖਾਸ ਤੌਰ 'ਤੇ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨੀ ਸਬੰਧਾਂ ਦਾ ਹਵਾਲਾ ਦਿੱਤਾ।