ਚੰਡੀਗੜ੍ਹ: ਜੰਗਲੀ ਜੀਵ ਜੰਤੂਆਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਦੇਸ਼ਾ ਵਿਦੇਸ਼ਾਂ ਵਿੱਚ ਆਮਦ ਅਤੇ ਦੇਖ-ਭਾਲ ਅਤੇ ਉਨ੍ਹਾਂ ਦੇ ਰਹਿਣ ਲਈ ਢੁਕਵੀਆਂ ਥਾਵਾਂ 'ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਗੁਜਰਾਤ ਦੇ ਗਾਂਧੀ ਨਗਰ ਵਿਖੇ 13ਵੀਂ ਕੌਮਾਂਤਰੀ ਕਾਨਫਰੰਸ ਆਫ਼ ਪ੍ਰਾਪਰਟੀਜ਼ ਦਾ ਆਯੋਜਨ ਕੀਤਾ ਗਿਆ ਹੈ। ਇਹ ਕਾਨਫਰੰਸ 15 ਤੋਂ 22 ਫਰਵਰੀ ਤੱਕ ਚੱਲੇਗੀ।
ਇਸ ਕਾਨਫਰੰਸ ਦੇ ਵਿੱਚ ਪੰਜਾਬ ਵੱਲੋਂ ਮੁੱਖ ਤੋਰ ਤੋਂ ਸ਼ਿਰਕਤ ਕਰਨ ਦੇ ਲਈ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਜਾ ਰਹੇ ਹਨ। ਇਸ ਕਾਨਫਰੰਸ 'ਚ ਸ਼ਮੂਲੀਅਤ ਕਰਨ ਲਈ ਚੰਡੀਗੜ ਏਅਰਪੋਰਟ ਤੋਂ ਰਵਾਨਾ ਹੋਣ ਮੋਕੇ ਧਰਮਸੋਤ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ 194 ਦੇਸ਼ਾਂ ਦੀਆਂ ਸਰਕਾਰਾਂ ਤੇ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕਰਕੇ ਜੰਗਲੀ ਜੀਵ ਜੰਤੂਆਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਸਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਰ ਸਾਲ ਵੱਖ-ਵੱਖ ਸਮੇਂ 'ਤੇ ਹਜਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਵੱਖ-ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਜੀਵ ਜੰਤੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਜੀਵ ਜੰਤੂਆਂ ਪੰਛੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਲੋੜਾਂ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਕੀਤਾ ਜਾਵੇਗਾ। ਇਸ ਕਾਨਫਰੰਸ 'ਚ ਭਾਗ ਲੈਣ ਲਈ ਜੰਗਲਾਤ ਵਿਭਾਗ ਦੇ ਫੀਲਡ ਡਾਇਰੈਕਟਰ ਐਮ. ਸੁਦਾਗਰ, ਵਣਪਾਲ ਜੰਗਲੀ ਜੀਵ ਮੁਨੀਸ਼ ਕੁਮਾਰ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਜਾਣਗੇ।