ਚੰਡੀਗੜ੍ਹ: ਬੁੜੈਲ ਜੇਲ੍ਹ ਵਿੱਚੋਂ 2004 ਨੂੰ ਆਪਣੇ ਤਿੰਨ ਸਾਥੀਆਂ ਦੇ ਨਾਲ ਫ਼ਰਾਰ ਹੋਏ ਜਗਤਾਰ ਸਿੰਘ ਹਵਾਰਾ ਦੇ ਮਾਮਲੇ ਵਿੱਚ ਉਸ ਸਮੇਂ ਚੰਡੀਗੜ੍ਹ ਪੁਲਿਸ ਵੱਲੋਂ ਸਸਪੈਂਡ ਕੀਤੇ ਗਏ ਪੰਜ ਮੁਲਾਜ਼ਮ ਹੁਣ ਤੱਕ ਇਨਸਾਫ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਮਾਮਲੇ ਦਾ ਸ਼ਿਕਾਰ ਹੋਏ ਬੁੜੈਲ ਜੇਲ੍ਹ ਦੇ ਸਸਪੈਂਡ ਕਰਮਚਾਰੀ ਡੀਐੱਸ ਸੰਧੂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਸਸਪੈਂਡ ਹੋਏ ਕਰਮਚਾਰੀਆਂ ਦੀ ਇਸ ਕਾਂਡ ਵਿੱਚ ਕੋਈ ਸ਼ਮੂਲੀਅਤ ਨਹੀਂ
ਡੀਐੱਸ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਆਲਾ ਅਫਸਰਾਂ ਦੀ ਗਲਤੀਆਂ ਨੂੰ ਲੁਕਾਉਣ ਦੇ ਲਈ ਨਾ ਸਿਰਫ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਬਲਕਿ ਬਰੀ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਡਿਊਟੀ 'ਤੇ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੇ ਵਿੱਚ ਕੋਰਟ ਵੱਲੋਂ ਲੰਬੀ ਪ੍ਰੋਸੀਡਿੰਗ ਹੋਈ, ਉਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਨੂੰ ਬਹਾਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਰਿਕਾਰਡ ਜੋ ਕਿ ਪੁਲਿਸ ਵੱਲੋਂ ਗੁੰਮ ਕਰ ਦਿੱਤੇ ਗਏ ਸੀ ਉਨ੍ਹਾਂ ਕੋਲ ਉਹ ਰਿਕਾਰਡ ਵੀ ਮੌਜੂਦ ਹਨ। ਜਿਸ ਵਿੱਚ ਇਹ ਸਾਫ ਪਤਾ ਲੱਗਦਾ ਹੈ ਕਿ ਸਸਪੈਂਡ ਹੋਏ ਕਰਮਚਾਰੀਆਂ ਦੀ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਸੀ।
ਸਸਪੈਂਡ ਕੀਤੇ ਗਏ ਪੰਜੇ ਮੁਲਾਜ਼ਮਾਂ ਨੂੰ ਕੀਤਾ ਜਾਵੇ ਬਹਾਲ
ਸੰਧੂ ਨੇ ਦੱਸਿਆ ਕਿ ਉਹ 2004 ਤੋਂ ਆਪਣੀ ਬਹਾਲੀ ਲਈ ਕੇਸ ਲੜ ਰਹੇ ਹਨ, ਜਿਸ ਦੇ ਚੱਲਦਿਆਂ ਉਹ ਮਾਨਸਿਕ ਪੀੜਾਂ ਤੋਂ ਵੀ ਪਰੇਸ਼ਾਨ ਹਨ। ਉਸ ਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਸੁੱਧ ਨਹੀਂ ਲਈ ਹੈ, ਜਦੋਂ ਕਿ ਉਨ੍ਹਾਂ ਕੋਲ ਸਾਰੇ ਉਹ ਸਬੂਤ ਹਨ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੇ ਵੱਡੇ ਅਧਿਕਾਰੀ ਆਪਣੇ ਆਪ ਨੂੰ ਅਤੇ ਹੋਰ ਆਪਣੇ ਚਹੇਤੇ ਮੁਲਾਜ਼ਮਾਂ ਨੂੰ ਬਚਾਉਣ ਅਤੇ ਆਪਣੀਆਂ ਗਲਤੀਆਂ ਲੁਕਾਉਣ ਦੇ ਲਈ ਉਨ੍ਹਾਂ ਨੂੰ ਬਹਾਲ ਨਹੀਂ ਹੋਣ ਦੇ ਰਹੇ, ਉਨ੍ਹਾਂ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਸਸਪੈਂਡ ਕੀਤੇ ਗਏ ਪੰਜੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਅਤੇ ਇਨਸਾਫ ਦਿੱਤਾ ਜਾਵੇ।