ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਸੀ। ਜਿਨ੍ਹਾਂ ਨੂੰ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਮੁੜ ਬਹਾਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਇਸ ਮਾਮਲੇ 'ਚ ਜਿਥੇ ਯੂ ਟਰਨ ਲਿਆ ਤਾਂ ਉਥੇ ਹੀ ਦੋ ਉੱਚ ਅਧਿਕਾਰੀਆਂ 'ਤੇ ਵੀ ਕਾਰਵਾਈ ਕਰ ਦਿੱਤੀ। ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਆਈਏਐਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਆਈਏਐਸ ਡੀਕੇ ਤਿਵਾੜੀ ਅਤੇ ਆਈਏਐਸ ਗੁਰਪ੍ਰੀਤ ਖਹਿਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਗਲਤੀਆਂ ਛੁਪਾਉਣ ਲਈ ਮੁਅੱਤਲ ਕੀਤਾ ਹੈ।
ਫਾਈਲ ਦਾ ਪਹਿਲਾ ਪੰਨਾ ਜਨਤਕ ਨਹੀਂ ਕਰ ਰਹੀ ਸਰਕਾਰ: ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਭੰਗ ਕਰਨ ਸਬੰਧੀ ਫਾਈਲ ਦਾ ਪਹਿਲਾ ਪੰਨਾ ਜਨਤਕ ਨਹੀਂ ਕਰ ਰਹੀ ਹੈ। ਇਸ ਪਹਿਲੇ ਪੰਨੇ ਤੋਂ ਸਾਫ਼ ਹੋ ਜਾਵੇਗਾ ਕਿ ਇਹ ਸਾਰੀ ਵਿਉਂਤਬੰਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕੀਤੀ ਸੀ। ਮਜੀਠੀਆ ਨੇ ਕਿਹਾ ਕਿ ਸਰਕਾਰ ਵਲੋਂ ਅਫਸਰਾਂ ਨੂੰ ਮੁਅੱਤਲ ਕਰਕੇ ਮਹਿਜ਼ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
ਜਲਦਬਾਜ਼ੀ ਵਿਚ ਮੁੱਖ ਮੰਤਰੀ ਨੇ ਕੀਤੇ ਦਸਤਖ਼ਤ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਫਾਈਲ ਦੇ ਪੰਨੇ ਦਿਖਾਉਂਦੇ ਹੋਏ ਕਿਹਾ ਕਿ ਮੁਅੱਤਲ ਆਈਏਐਸ ਅਧਿਕਾਰੀ ਖੁਦ ਇਸ ਫਾਈਲ 'ਤੇ ਲਿਖ ਰਿਹਾ ਹੈ ਕਿ ਪੰਚਾਇਤਾਂ ਨੂੰ ਭੰਗ ਕਰਨ ਲਈ ਮਨਜ਼ੂਰੀ ਦੀ ਲੋੜ ਹੈ। ਜਿਸ ਤੋਂ ਬਾਅਦ ਮੰਤਰੀ ਭੁੱਲਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਜਲਦਬਾਜ਼ੀ ਵਿਚ ਇਸ 'ਤੇ ਦਸਤਖਤ ਕਰ ਦਿੱਤੇ ਹਨ।
ਹਾਈ ਕੋਰਟ ਵਿੱਚ 1000 ਕਰੋੜ ਦਾ ਹਵਾਲਾ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਰਪੰਚਾਂ ਦੀ ਤਰਫੋਂ ਪਟੀਸ਼ਨ ਦਾਇਰ ਕਰਨ ਤੋਂ ਬਾਅਦ 'ਆਪ' ਸਰਕਾਰ ਵੱਲੋਂ ਦਿੱਤੇ ਜਵਾਬ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਅਨੁਸਾਰ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਜਵਾਬ ਦਿੰਦਿਆਂ ਕਿਹਾ- ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਹੁਣ ਇਹ ਸਰਪੰਚ ਨਹੀਂ ਰਹੇ। ਜਦੋਂ ਹਾਈਕੋਰਟ ਵਲੋਂ ਸਰਕਾਰ ਤੋਂ ਜਵਾਬ ਮੰਗਿਆ ਕਿ ਫਾਈਲ ਕਰਨ ਦੀ ਮਿਤੀ, ਵਾਪਸੀ ਦੀ ਤਰੀਕ ਆਦਿ ਕੀ ਹੈ ਤਾਂ ਪੰਜਾਬ ਸਰਕਾਰ ਨੇ ਬੈਂਕ 'ਚ ਜਮ੍ਹਾ 1000 ਕਰੋੜ ਦੀ ਗੱਲ ਕਹੀ। 'ਆਪ' ਸਰਕਾਰ ਨੇ ਕਿਹਾ- ਇਨ੍ਹਾਂ ਗ੍ਰਾਮ ਪੰਚਾਇਤਾਂ ਦੇ ਖਾਤਿਆਂ 'ਚ 1000 ਕਰੋੜ ਰੁਪਏ ਪਏ ਹਨ ਅਤੇ ਇਨ੍ਹਾਂ ਦੀ ਦੁਰਵਰਤੋਂ ਹੋ ਸਕਦੀ ਹੈ।
ਯੂ-ਟਰਨ ਤੋਂ ਬਾਅਦ ਮੰਤਰੀ ਭੁੱਲਰ ਦੇ ਜਵਾਬ 'ਤੇ ਵੀ ਖੜੇ ਕੀਤੇ ਸਵਾਲ: ਬਿਕਰਮ ਮਜੀਠੀਆ ਨੇ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜਵਾਬ 'ਤੇ ਵੀ ਸਵਾਲ ਚੁੱਕੇ ਹਨ। ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਜਦੋਂ ਸਰਕਾਰ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਵਿੱਚ ਫਸ ਗਈ ਤਾਂ ਮੰਤਰੀ ਭੁੱਲਰ ਹਰਕਤ ਵਿੱਚ ਆ ਗਏ। ਮਜੀਠੀਆ ਅਨੁਸਾਰ ਮੰਤਰੀ ਭੁੱਲਰ ਨੇ ਅੰਮ੍ਰਿਤਸਰ ਦੇ ਆਲੇ-ਦੁਆਲੇ ਬਿਆਨ ਦਿੱਤਾ ਸੀ ਕਿ ਜਦੋਂ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਤਕਨੀਕੀ ਖਾਮੀ ਦੀ ਗੱਲ ਕੀਤੀ ਸੀ ਪਰ ਹੁਕਮਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤ ਕੁਝ ਹੋਰ ਹੀ ਬਿਆਨ ਕਰਦੇ ਹਨ।
- Online Police Challan: ਡਿਜੀਟਲ ਹੋਈ ਪੰਜਾਬ ਦੀ ਟ੍ਰੈਫਿਕ ਪੁਲਿਸ, ਮੌਕੇ 'ਤੇ ਭਰਨਾ ਪਵੇਗਾ ਚਲਾਨ ਤੇ ਨਹੀਂ ਚੱਲੇਗੀ ਕੋਈ ਸਿਫ਼ਾਰਿਸ਼
- GST Collection: ਜੀਐੱਸਟੀ ਕੁਲੈਕਸ਼ਨ ਵਧਾਉਣ ਲਈ ਸਖ਼ਤੀ ਦੇ ਮੂਡ 'ਚ ਪੰਜਾਬ ਸਰਕਾਰ, ਹਰਿਆਣਾ ਦੇ ਮੁਕਾਬਲੇ ਪੰਜਾਬ 'ਚ ਜੀਐਸਟੀ ਦੀ ਕੁਲੈਕਸ਼ਨ ਇੱਕ ਚੌਥਾਈ
- 6 year old girl sexually assaulted in school bus: ਨਿੱਜੀ ਸਕੂਲ ਬੱਸ 'ਚ 6 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ, DCW ਨੇ ਪੁਲਿਸ ਨੂੰ ਭੇਜਿਆ ਨੋਟਿਸ
ਹੁਕਮ ਜਾਰੀ ਕਰਨ ਸਮੇਂ ਨਹੀਂ ਲਈ ਗਈ ਰਾਏ:ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਲਾਲਜੀਤ ਭੁੱਲਰ ਨੇ ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਹੈ। ਦਰਅਸਲ ਇਹ ਫੈਸਲਾ ਜਾਰੀ ਕਰਨ ਸਮੇਂ ਨਾ ਤਾਂ ਮੁੱਖ ਸਕੱਤਰ ਅਤੇ ਨਾ ਹੀ ਪੰਜਾਬ ਏਜੀ ਨਾਲ ਸਲਾਹ ਕੀਤੀ ਗਈ ਸੀ। ਇਸ ਫੈਸਲੇ ਨੂੰ ਲੈ ਕੇ ਜਦੋਂ ਸਰਕਾਰ ਨੂੰ ਘੇਰਿਆ ਗਿਆ ਤਾਂ ਏਜੀ ਨੇ ਵੀ ਇਸ ਮੁੱਦੇ 'ਤੇ ਹੱਥ ਖੜ੍ਹੇ ਕਰ ਦਿੱਤੇ।
ਇੰਡੀਆ ਗਠਜੋੜ ਨੂੰ ਲੈ ਕੇ ਘੇਰੀ ਕਾਂਗਰਸ:ਮਜੀਠੀਆ ਨੇ ਇੰਡੀਆ ਗਠਜੋੜ 'ਤੇ ਵੀ ਕਾਂਗਰਸ ਨੂੰ ਘੇਰਿਆ। ਬਿਕਰਮ ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਇਸ ਦਾ ਮਤਲਬ ਸਾਫ਼ ਹੈ, ਪੰਜਾਬ ਕਾਂਗਰਸ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਡਰੋ ਨਾ ਚੰਨੀ ਸਾਹਿਬ, ਤੁਹਾਡਾ ਫੈਸਲਾ ਹੋ ਗਿਆ ਹੈ, ਤੁਸੀਂ ਬਚ ਗਏ ਹੋ। ਸਮਝੌਤਾ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਹੁਣ ਦਿਨ-ਰਾਤ ਗੱਲਬਾਤ ਕਰਦੇ ਹਨ।