ਚੰਡੀਗੜ੍ਹ: ਪੰਜਾਬ ਰਾਜ ਦੇ ਖ਼ੁਰਾਕ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਅੱਜ ਇੱਥੇ ਰੀਵਿਊ ਕੀਤਾ ਗਿਆ। ਰੀਵਿਊ ਕਾਰਜ ਦੌਰਾਨ ਉਨ੍ਹਾਂ ਹੁਕਮ ਦਿੱਤਾ ਕੀ ਇਸ ਕਾਰਜ ਨੂੰ 25 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ।
ਚੰਡੀਗੜ੍ਹ ਸਥਿਤ ਅਨਾਜ਼ ਭਵਨ ਵਿਖੇ ਸਮਾਰਟ ਰਾਸ਼ਨ ਕਾਰਡ ਦੀ ਪ੍ਰਗਤੀ ਸਬੰਧੀ ਪੰਜਾਬ ਰਾਜ ਦੇ 12 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਨਾਂਅ ਵਿਭਾਗੀ ਪੋਰਟਲ ਉੱਤੇ ਦਰਜ ਹੋ ਚੁੱਕੇ ਹਨ ਉਨ੍ਹਾਂ ਨੂੰ ਰਾਸ਼ਨ ਦੀ ਵੰਡ ਜਲਦ ਤੋਂ ਜਲਦ ਕਰ ਦਿੱਤੀ ਜਾਵੇ।
ਸ੍ਰੀ ਆਸ਼ੂ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਸਬੰਧੀ ਸ਼ਿਕਾਇਤਾ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਹੁਕਮ ਦਿੱਤੇ ਹਨ ਕਿ ਸਮੂਹ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਅਨਾਜ ਵੰਡ ਦਾ ਵੀ ਮੁਲਾਂਕਣ ਕੀਤਾ। ਇਸ ਦੌਰਾਨ ਕੁਝ ਅਧਿਕਾਰੀਆਂ ਨੇ ਵੰਡ ਵਿੱਚ ਟਰਾਂਸਪੋਰਟ ਦੀ ਸਮੱਸਿਆ, ਪੁਰਾਣੀ ਅਦਾਇਗੀ ਨਾ ਹੋਣ ਸਬੰਧੀ ਅਤੇ ਜਿਹੜੇ ਲਾਭ ਪਾਤਰੀਆਂ ਦੇ ਨਾਂਅ ਸਿਸਟਮ ਵਿੱਚੋਂ ਡੀਲੀਟ ਹੋਣੇ ਹਨ, ਉਹ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਇਸ ਮੌਕੇ ਝੋਨੇ ਦੀ ਮੀਲਿੰਗ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਆਗਾਮੀ ਖ਼ਰੀਦ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਸ੍ਰੀਮਤੀ ਅਨਿੰਦਤਾ ਮਿੱਤਰਾ ਵੀ ਹਾਜ਼ਰ ਸਨ।