ਚੰਡੀਗੜ੍ਹ: ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜੋ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂਅ ਤੋਂ ਮਸ਼ਹੂਰ ਹੈ, ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਐਨਐਸਏ ਲਾਉਣ ਵਿਰੁਧ ਪਟੀਸ਼ਨ ਦਾਇਰ ਕੀਤੀ ਹੈ। ਬਾਜੇਕੇ ਦੇ ਨਾਲ ਉਸ ਦਾ ਇਕ ਹੋਰ ਸਾਥੀ ਬਸੰਤ ਸਿੰਘ ਨੇ ਵੀ ਇਹ ਪਟੀਸ਼ਨ ਪਾਈ ਹੈ। ਦੱਸ ਦਈਏ ਕਿ ਇਸ ਸਮੇਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹੋਰ 9 ਸਾਥੀ ਅਸਾਮ ਦੇ ਜੇਲ੍ਹ ਵਿੱਚ ਬੰਦ ਹਨ।
ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ: ਭਗਵੰਤ ਸਿੰਘ ਸੋਸ਼ਲ ਮੀਡੀਆ ਇਨਫਲੀਊਂਸਰ ਅਤੇ ਕਿਸਾਨ ਰਿਹਾ ਹੈ। ਉਹ ਟਿੱਕ-ਟੌਕ, ਯੂਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ 'ਤੇ ਵੀਡੀਓ ਸ਼ੂਟ ਕਰਕੇ ਅਪਲੋਡ ਕਰਦਾ ਸੀ। ਮੀਡੀਆ ਰਿਪੋਰਟ ਮੁਤਾਬਕ ਭਗਵੰਤ ‘ਪ੍ਰਧਾਨ ਮੰਤਰੀ ਬਾਜੇਕੇ’ ਨਾਂ ਦਾ ਸੋਸ਼ਲ ਮੀਡੀਆ ਪੇਜ ਚਲਾਉਂਦਾ ਸੀ। ਉਸ ਪੇਜ 'ਤੇ ਉਹ ਸਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਹਾਸੇ-ਮਜ਼ਾਕ ਵਾਲੀਆਂ ਵੀਡੀਓਜ਼ ਅਪਲੋਡ ਕਰਦਾ ਸੀ।
ਬਾਜੇਕੇ 'ਤੇ ਕਈ ਮਾਮਲੇ ਦਰਜ: ਮੋਗਾ ਪੁਲਿਸ ਮੁਤਾਬਕ ਭਗਵੰਤ ਸਿੰਘ ਖਿਲਾਫ ਕਤਲ, ਐਨਡੀਪੀਐਸ ਐਕਟ ਤਹਿਤ ਅਫੀਮ ਦੀ ਬਰਾਮਦਗੀ, ਜ਼ਮੀਨੀ ਝਗੜੇ ਸਮੇਤ ਅੱਠ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਮੋਗਾ ਦੇ ਧਰਮਕੋਟ ਥਾਣੇ ਵਿੱਚ ਦਰਜ ਹਨ। ਉਸ ਨੂੰ ਜ਼ਿਆਦਾਤਰ ਮਾਮਲਿਆਂ 'ਚ ਜ਼ਮਾਨਤ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਸੀ ਕਿ ਭਗਵੰਤ ਖ਼ਿਲਾਫ਼ ਮਈ 2015 ਵਿੱਚ ਜ਼ਮੀਨੀ ਝਗੜੇ ਦੇ ਇੱਕ ਕੇਸ ਵਿੱਚ ਕਤਲ ਦਾ ਕੇਸ ਦਰਜ ਹੋਇਆ ਸੀ ਅਤੇ ਅਪ੍ਰੈਲ 2017 ਵਿੱਚ 400 ਗ੍ਰਾਮ ਅਫੀਮ ਦੀ ਬਰਾਮਦਗੀ ਦੇ ਦੋਸ਼ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਅੰਮ੍ਰਿਤਪਾਲ ਸਿੰਘ ਖਿਲਾਫ ਹੁਣ ਤੱਕ 4 ਕੇਸ ਦਰਜ: ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੁਣ ਤੱਕ 4 ਕੇਸ ਦਰਜ ਹਨ, ਜਿਨ੍ਹਾਂ ਵਿੱਚ ਅਜਨਾਲਾ ਵਿੱਚ ਵਰਿੰਦਰ ਸਿੰਘ ਨੂੰ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ, 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੀਐਮ ਦੇ ਖਿਲਾਫ ਨਫਰਤ ਭਰੇ ਭਾਸ਼ਣ, ਮੋਗਾ ਵਿੱਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖਿਲਾਫ 19 ਫਰਵਰੀ ਨੂੰ ਨਫਰਤ ਭਰੇ ਭਾਸ਼ਣ, ਅਜਨਾਲਾ ਵਿੱਚ ਹਿੰਸਾ ਅਤੇ ਥਾਣੇ ’ਤੇ ਕਬਜ਼ਾ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਦੇ ਇਲਜ਼ਾਮ ਸ਼ਾਮਲ ਹਨ।
ਆਈਜੀ ਗਿੱਲ ਨੇ ਦੱਸਿਆ ਸੀ ਕਿ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਅੰਮ੍ਰਿਤਪਾਲ ਦਾ ਆਈਐਸਆਈ ਕੁਨੈਕਸ਼ਨ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਵਿਦੇਸ਼ਾਂ ਤੋਂ ਫੰਡ ਵੀ ਮਿਲ ਰਹੇ ਸਨ। ਹਵਾਲਾ ਰਾਹੀਂ ਉਨ੍ਹਾਂ ਨੂੰ ਪੈਸੇ ਵੀ ਭੇਜੇ ਜਾਂਦੇ ਸਨ। ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਖ਼ਿਲਾਫ਼ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ ਛੇ ਕੇਸ ਦਰਜ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਕੁੱਲ 114 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 9 ਰਾਈਫਲਾਂ, ਇਕ ਰਿਵਾਲਵਰ ਅਤੇ 430 ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਥਿਆਰ ਗੈਰ-ਕਾਨੂੰਨੀ ਹਨ। ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਹੁਣ ਤੱਕ ਅੰਮ੍ਰਿਤਪਾਲ ਦੀਆਂ ਮਰਸਡੀਜ਼ ਸਮੇਤ ਚਾਰ ਵਾਹਨ ਜ਼ਬਤ ਕੀਤੇ ਜਾ ਚੁੱਕੇ ਹਨ।