ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਫੇਸਬੁੱਕ ਰਾਹੀਂ ਦੱਸਿਆ ਕਿ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਦੇ ਬੱਚਿਆਂ ਦਾ ਗੁਰਦੁਆਰੇ ਵਿੱਚ ਘਿਰਾਓ ਕਰਨ ਦਾ ਮਤਾ ਪਾਸ ਕੀਤਾ ਹੈ। ਦੱਸ ਦਈਏ ਸੀਐੱਮ ਭਗਵੰਤ ਮਾਨ ਦੇ ਦੋਵੇਂ ਬੱਚੇ ਸੀਰਤ ਕੌਰ ਮਾਨ ਅਤੇ ਦਿਲਸ਼ਾਨ ਮਾਨ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਕਿਹਾ ਗਿਆ ਹੈ ਕਿ ਭਾਰਤ ਖਿਲਾਫ ਪ੍ਰਦਰਸ਼ਨ ਕਰ ਰਹੇ ਖਾਲਿਸਤਾਨ ਸਮਰਥਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਦਾ ਅਮਰੀਕਾ 'ਚ ਘਿਰਾਓ ਕਰਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਖਾਲਿਸਤਾਨ ਦੇ ਸਮਰਥਕਾਂ ਨੇ ਹੁਣ ਸ਼ਰਮਨਾਕ ਹਰਕਤਾਂ ਕੀਤੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਨੂੰ ਨਾ ਸਿਰਫ਼ ਫ਼ੋਨ 'ਤੇ ਧਮਕੀਆਂ ਦਿੱਤੀਆਂ ਸਗੋਂ ਉਸ ਨਾਲ ਦੁਰਵਿਵਹਾਰ ਵੀ ਕੀਤਾ। ਇਹ ਖੁਲਾਸਾ ਭਗਵੰਤ ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਨੇ ਫੇਸਬੁੱਕ ਰਾਹੀਂ ਕੀਤਾ ਹੈ।
ਘਿਰਾਓ ਦੀ ਤਿਆਰੀ: ਇਸ ਪੂਰੇ ਘਟਨਾਕ੍ਰਮ ਸਬੰਧੀ ਪਟਿਆਲਾ ਦੇ ਇੱਕ ਵਕੀਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸੀਰਤ ਕੌਰ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਧਮਕੀਆਂ ਅਤੇ ਦੁਰਵਿਵਹਾਰ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ। ਭਗਵੰਤ ਮਾਨ ਦੀ ਸਾਬਕਾ ਪਤਨੀ ਨੇ ਖੁਲਾਸਾ ਕੀਤਾ ਕਿ ਇਸ ਸਬੰਧੀ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਮਤਾ ਵੀ ਪਾਸ ਕੀਤਾ ਗਿਆ ਹੈ। ਮਤੇ ਵਿੱਚ ਭਗਵੰਤ ਮਾਨ ਦੇ ਦੋਵੇਂ ਬੱਚਿਆਂ ਦਾ ਘਿਰਾਓ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਨ ਦੀ ਸਾਬਕਾ ਪਤਨੀ ਆਪਣੇ ਦੋ ਬੱਚਿਆਂ ਨਾਲ ਅਮਰੀਕਾ 'ਚ ਰਹਿੰਦੀ ਹੈ। ਦੱਸ ਦੇਈਏ ਕਿ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਹੈ ਅਤੇ ਉਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਬੇਟੀ ਸੀਰਤ ਕੌਰ ਮਾਨ ਅਤੇ ਬੇਟਾ ਦਿਲਸ਼ਾਨ ਮਾਨ।
ਵਿਦੇਸ਼ਾਂ ਵਿੱਚ ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਕਾਰਵਾਈ: ਦੱਸ ਦਈਏ ਅਮਰੀਕਾ ਸਮੇਤ ਵੱਖ-ਵੱਖ ਯੂਰਪੀਅਨ ਦੇਸ਼ਾਂ ਵਿੱਚ ਵਸਦੇ ਖਾਲਿਸਤਾਨੀ ਸਮਰਥਕਾਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਕੀਤੀ ਗਈ ਕਾਰਵਾਈ ਦਾ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਹੈ। ਕਈ ਥਾਈਂ ਖਾਲਿਸਤਾਨੀ ਸਮਰਥਕਾਂ ਨੇ ਜਿੱਥੇ ਤਿਰੰਗੇ ਦਾ ਅਪਮਾਨ ਕੀਤਾ ਉੱਥੇ ਹੀ ਭਾਰਤੀ ਅੰਬੈਸੀ ਉੱਤੇ ਹਮਲਿਆਂ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਐਕਸ਼ਨ ਵਿੱਚ ਆਉਂਦਿਆਂ ਸਖ਼ਤ ਰੁਖ ਇਖਤਿਆਰ ਕੀਤਾ ਜਿਸ ਤੋਂ ਮਗਰੋਂ ਯੂਰਪ ਵਿੱਚ ਸਥਾਨਕ ਪੁਲਿਸ ਵੱਲੋਂ ਖਾਲਿਸਤਾਨੀ ਸਮਰਥਕਾਂ ਦੀਆਂ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ। ਹੁਣ ਖੁਦ ਨੂੰ ਮਹਾਨ ਖ਼ਾਲਸੇ ਦੇ ਵਾਰਿਸ ਕਹਿਣ ਵਾਲੇ ਲੋਕ ਸੀਐੱਮ ਦੇ ਬੱਚਿਆਂ ਨੂੰ ਧਮਕੀਆਂ ਦੇਣ ਤੱਕ ਆ ਗਏ ਨੇ ਅਤੇ ਉਨ੍ਹਾਂ ਦੀ ਇਸ ਹਰਕਤ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ।
ਇਹ ਵੀ ਪੜ੍ਹੋ: Khalistani Supporters Attack Indian Journalist: ਵਾਸ਼ਿੰਗਟਨ ਵਿੱਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਪੱਤਰਕਾਰ 'ਤੇ ਕੀਤਾ ਹਮਲਾ