ਚੰਡੀਗੜ੍ਹ: ਲਗਭਗ ਇੱਕ ਮਹੀਨੇ ਤੋਂ ਵੀ ਜ਼ਿਆਦਾ ਦੇਰ ਤੱਕ ਪੰਜਾਬ ਪੁਲਿਸ ਅਤੇ ਦੇਸ਼ ਭਰ ਦੀਆਂ ਏਜੰਸੀਆਂ ਲਈ ਸਿਰਦਰਦ ਬਣੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਆਖਿਰਕਾਰ ਮੋਗਾ ਦੇ ਪਿੰਡ ਰੋਡੇ ਤੋਂ ਗੁਰੂਘਰ ਦੇ ਅੰਦਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਮਗਰੋਂ ਅੰਮ੍ਰਿਤਪਾਲ ਉੱਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਵੀ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਜੋ ਵੀ ਰਣਨੀਤੀ ਬਣਾਈ ਗਈ ਉਸ ਸਬੰਧੀ ਹੁਣ ਮੀਡੀਆ ਦੇ ਹਵਾਲੇ ਤੋਂ ਕੁੱਝ ਅਹਿਮ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ।
ਪੁਲਿਸ ਨੂੰ ਸਖ਼ਤ ਹਦਾਇਤ: ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੀ ਜਾਣਕਾਰੀ ਸੀ ਅਤੇ ਉਨ੍ਹਾਂ ਦਾ ਕਰੀਬੀ ਲਗਾਤਾਰ ਪੂਰੇ ਗ੍ਰਿਫ਼ਤਾਰੀ ਦੇ ਓਪਰੇਸ਼ਨ ਦੌਰਾਨ ਡੀਜਪੀ ਗੌਰਵ ਯਾਦਵ ਦੇ ਸੰਪਰਕ ਵਿੱਚ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਸੀਐੱਮ ਮਾਨ ਨੇ ਪੁਲਿਸ ਨੂੰ ਸਖ਼ਤ ਹਦਾਇਤ ਕੀਤੀ ਸੀ ਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਸਮੇਂ ਇੱਕ ਵੀ ਗੋਲੀ ਨਾ ਚਲਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਹਿਸ਼ਤ ਵਾਲੀ ਸਥਿਤੀ ਪੈਦਾ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਰੋਡੇ ਦਾ ਪੁਲਿਸ ਭਾਰੀ ਫੋਰਸ ਦੇ ਨਾਲ ਘਿਰਾਓ ਤਾਂ ਕਰੇ ਪਰ ਪਿੰਡ ਵਾਸੀਆਂ ਵਿੱਚ ਦਹਿਸ਼ਤ ਨਾ ਫੈਲਾਈ ਜਾਵੇ।
ਡੀਜੀਪੀ ਗੌਰਵ ਯਾਦਵ ਨਾਲ ਸੰਪਰਕ: ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਗੁਰਦੁਆਰੇ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਗੋਲੀ ਨਾ ਚਲਾਈ ਜਾਵੇ। ਮੁੱਖ ਮੰਤਰੀ ਮਾਨ ਦੇ ਇੱਕ ਸਹਿਯੋਗੀ ਦੱਸਿਆ ਕਿ ਉਨ੍ਹਾਂ ਸਪੱਸ਼ਟ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਰਗੀ ਕੋਈ ਵੀ ਘਟਨਾ ਵਾਪਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਿਸ ਨੇ ਕਈ ਸਾਲਾਂ ਤੱਕ ਸੂਬੇ ਨੂੰ ਪਰੇਸ਼ਾਨ ਕੀਤਾ। ਉਨ੍ਹਾਂ ਹੁਕਮ ਦਿੱਤਾ ਕਿ ਕੋਈ ਗੋਲੀ ਨਹੀਂ ਚਲਾਈ ਜਾਵੇਗੀ ਅਤੇ ਪੁਲਿਸ ਗੁਰਦੁਆਰੇ ਵਿੱਚ ਨਹੀਂ ਵੜੇਗੀ। ਸੀਐੱਮ ਭਗਵੰਤ ਮਾਨ ਦੇ ਕਰੀਬ ਸਹਿਯੋਗੀ ਨੇ ਡੀਜੀਪੀ ਗੌਰਵ ਯਾਦਵ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਤੋਂ ਲਗਾਤਾਰ ਸਾਰੀ ਜਾਣਕਾਰੀ ਲੈਂਦੇ ਰਹੇ। ਦੱਸ ਦਈਏ ਗ੍ਰਿਫ਼ਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣੇ ਮਸਲਿਆਂ ਲਈ ਡਟ ਕੇ ਲੜ੍ਹੋ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਜ਼ੁਲਮ ਖ਼ਿਲਾਫ਼ ਛੇੜੀ ਗਈ ਇਹ ਜੰਗ ਨਿਰੰਤਰ ਚਲਦੀ ਰਹੇਗੀ। ਇਸ ਤੋਂ ਬਾਅਦ ਪੁਲਿਸ ਨੇ ਸ਼ਾਂਤਮਈ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਟਰੋਲ ਪੰਪ ਤੇ ਨਕਾਬ ਪੋਸ਼ ਹਥਿਆਰਬੰਦ ਲੁਟੇਰਿਆਂ ਨੇ ਕੀਤੀ ਲੁੱਟ ਦੀ ਵਾਰਦਾਤ