ਚੰਡੀਗੜ੍ਹ: ਪੰਜਾਬ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ। ਚੋਣ ਮੈਦਾਨ ਵਿਚ ਸੱਤ ਉਮੀਦਵਾਰ ਸਨ, ਜਿਨ੍ਹਾਂ ਵਿਚੋਂ ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ। ਬਰਿੰਦਰ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।
ਬਰਿੰਦਰ ਸਿੰਘ ਢਿੱਲੋਂ ਰੋਪੜ ਤੋਂ ਐਮਐਲਏ ਦੀ ਚੋਣ ਪਹਿਲਾ ਵੀ ਲੜ ਚੁੱਕੇ ਹਨ। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਬਲਵੀਰ ਸਿੰਘ ਢਿੱਲੋਂ ਨੇ ਜਿੱਤੀ ਹੈ, ਉਨ੍ਹਾਂ ਨੇ 254 ਵੋਟਾਂ ਹਾਸਲ ਕੀਤੀਆਂ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ ਪ੍ਰਧਾਨ ਬਣੇ ਹਨ।
ਜਾਣਕਾਰੀ ਮੁਤਾਬਕ ਜਲੰਧਰ ਸਿਟੀ ਤੋਂ ਅੰਗਦ ਦੱਤਾ ਤਿਕੌਣੇ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਸ਼ਹਿਰੀ ਇਕਾਈ ਦੇ ਪ੍ਰਧਾਨ ਬਣ ਗਏ ਹਨ। ਹਨੀ ਜੋਸ਼ੀ ਜਲੰਧਰ ਦੇਹਾਤੀ ਇਕਾਈ ਵਿਚ ਸਿੱਧੇ ਮੁਕਾਬਲੇ ਵਿਚ ਜੇਤੂ ਐਲਾਨੇ ਗਏ। ਯੋਗੇਸ਼ ਹਾਂਡਾ ਲੁਧਿਆਣਾ ਸ਼ਹਿਰੀ ਅਤੇ ਅਮਿਤ ਤਿਵਾੜੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਬਣੇ ਹਨ।
ਅਬੋਹਰ ਤੋਂ ਅਤਿੰਦਰ ਪਾਲ ਅਤੇ ਬੱਲੂਆਣਾ ਤੋਂ ਅਮਿਤ ਭਾਦੂ ਜੇਤੂ ਰਹੇ। ਫਗਵਾੜਾ ਦੇ ਸੌਰਵ ਖੁੱਲਰ ਨੇ ਆਪਣੇ ਵਿਰੋਧੀ ਉਮੀਦਵਾਰ ਹਰਜੀਮਾਨ ਨੂੰ 74 ਨਾਲ ਮਾਤ ਦੇ ਕੇ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਬਣੇ। ਯੋਧਵੀਰ ਸਿੰਘ 217 ਵੋਟਾਂ ਪ੍ਰਾਪਤ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਉੱਪ ਪ੍ਰਧਾਨ ਬਣੇ ਹਨ।