ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਅੱਜ ਵਿਜੀਲੈਂਸ ਅੱਗੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਪੇਸ਼ ਹੋਣਗੇ। ਦਰਅਸਲ ਬੀਤੇ ਦਿਨੀਂ ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿੰਦਰਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ 6 ਸਾਲਾਂ ਵਿੱਚ ਆਮਦਨ ਦੇ ਆਪਣੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਪੈਸਾ ਖ਼ਰਚ ਕੀਤਾ ਹੈ।
ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੰਤਰੀ : ਵਿਜੀਲੈਂਸ ਨੇ ਮਹਿੰਦਰਾ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਅਤੇ ਹੋਰ ਜਾਇਦਾਦਾਂ ਦਾ ਰਿਕਾਰਡ ਚੈੱਕ ਕਰਨ ਲਈ ਮਾਲ ਅਧਿਕਾਰੀਆਂ ਨੂੰ ਵੀ ਲਿਖਿਆ ਹੈ। ਵਿਜੀਲੈਂਸ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵਲਪਮੈਂਟ ਅਥਾਰਟੀ (ਗਮਾਡਾ) ਵਿੱਚ ਤਾਇਨਾਤ ਇੱਕ ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਅਧਿਕਾਰੀ ਨੇ ਮਹਿੰਦਰਾ ਨਾਲ ਵਿਸ਼ੇਸ਼ ਡਿਊਟੀ ਅਫਸਰ ਵਜੋਂ ਵੀ ਕੰਮ ਕੀਤਾ ਸੀ।
ਇਹ ਵੀ ਪੜ੍ਹੋ : Assets Disproportionate Case Questioning : ਵਿਜੀਲੈਂਸ ਨੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਕੀਤਾ ਤਲਬ, ਇਸ ਮਾਮਲੇ 'ਚ ਹੋਵੇਗੀ ਪੁੱਛਗਿੱਛ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵਿੱਚ ਮਹਿੰਦਰਾ ਸੀਨੀਆਰ ਪੱਧਰ ਉੱਤੇ ਦੂਜੇ ਨੰਬਰ ’ਤੇ ਰਹੇ ਸਨ। ਉਨ੍ਹਾਂ ਨੇ 2017 'ਚ ਅਹੁਦੇ ਦੀ ਸਹੁੰ ਚੁੱਕੀ ਸੀ। ਉਹ 2022 ਤੱਕ ਸਿਹਤ, ਸਥਾਨਕ ਸੰਸਥਾਵਾਂ, ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਹਿ ਚੁੱਕੇ ਹਨ।
ਸਿਆਸੀ ਕਰੀਅਰ: 1982 ਵਿੱਚ ਬ੍ਰਹਮ ਮਹਿੰਦਰਾ ਪਟਿਆਲਾ ਸ਼ਹਿਰੀ ਤੋਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ। 1987 ਅਤੇ ਫਿਰ 1992 ਵਿੱਚ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਬਣੇ। ਬ੍ਰਹਮ ਮਹਿੰਦਰਾ 1997 ਵਿੱਚ ਇਸ ਸੀਟ ਤੋਂ ਚੋਣ ਹਾਰ ਗਏ ਸਨ। 2002 ਵਿੱਚ ਉਹ ਸਮਾਣਾ ਤੋਂ ਵਿਧਾਨ ਸਭਾ ਚੋਣ ਲੜੇ, ਪਰ ਚੋਣ ਹਾਰ ਗਏ। 2007 ਵਿੱਚ ਉਹ ਸਮਾਣਾ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ। 2012 ਵਿੱਚ ਸਮਾਣਾ ਛੱਡ ਕੇ ਪਟਿਆਲਾ ਦੇਹਟੀ ਤੋਂ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ। 2017 ਵਿੱਚ ਮੁੜ ਪਟਿਆਲਾ ਦੇਹਟੀ ਤੋਂ ਜਿੱਤੇ। 1992 ਵਿੱਚ ਉਹ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। 2017 ਵਿੱਚ ਪਹਿਲਾਂ ਸਿਹਤ ਮੰਤਰੀ ਬਣੇ, ਫਿਰ ਲੋਕਲ ਬਾਡੀਜ਼ ਮੰਤਰੀ ਬਣਾਏ ਗਏ।
ਇਹ ਵੀ ਪੜ੍ਹੋ : Sukhjinder Randhawa on AAP: "ਪੰਜਾਬ ਸਰਕਾਰ ਨੇ ਗੁੰਡਿਆਂ ਨੂੰ ਜੇਲ੍ਹਾਂ ਵਿਚ "ਪ੍ਰਹੁਣੇ" ਬਣਾ ਕੇ ਰੱਖਿਆ"
ਸਾਬਕਾ ਮੁੱਖ ਮੰਤਰੀ ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬ੍ਰਹਮ ਮਹਿੰਦਰਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸਿਆਸੀ ਜੰਗ ਦੌਰਾਨ ਬ੍ਰਹਮ ਮਹਿੰਦਰਾ ਨੇ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਨੇ ਉਦੋਂ ਤੱਕ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਹੋਣਗੇ, ਤਾਂ ਬ੍ਰਹਮ ਮਹਿੰਦਰਾ ਆਖਰੀ ਸਮੇਂ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਬ੍ਰਹਮ ਮਹਿੰਦਰਾ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਕਮਲਨਾਥ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਉਹ ਪੰਜਾਬ ਦੇ ਦਿੱਗਜ਼ ਨੇਤਾਵਾਂ ਚੋਂ ਇਕ ਹਨ।