ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਸੰਦੇਸ਼ ਤੋਂ ਬਾਅਦ ਹੁਣ ਉਸਦਾ ਆਡੀਓ ਸੰਦੇਸ਼ ਵਾਇਰਲ ਹੋ ਰਿਹਾ ਹੈ। ਕਥਿਤ ਆਵਾਜ਼ ਅੰਮ੍ਰਿਤਪਾਲ ਸਿੰਘ ਦੀ ਦੱਸੀ ਜਾ ਰਹੀ ਹੈ। ਇਹ ਸੰਦੇਸ਼ ਇਕ ਤਰ੍ਹਾਂ ਦਾ ਸਪਸ਼ਟੀਰਨ ਲੱਗ ਰਿਹਾ ਹੈ। ਇਸ ਵਿੱਚ ਉਨ੍ਹਾਂ ਵਲੋਂ ਸਿੱਖ ਸੰਗਤ ਨੂੰ ਕਈ ਗੱਲਾਂ ਕਹੀਆਂ ਗਈਆਂ ਹਨ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਹੋਰ ਸੰਸੇ ਪੈਦਾ ਹੋ ਰਹੇ ਹਨ।
ਕੀ ਹੈ ਆਡੀਓ ਸੰਦੇਸ਼ ਵਿੱਚ : ਸੋਸ਼ਲ ਮੀਡੀਆ ਉੱਤੇ ਜੋ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਵਾਜ਼ ਵਾਇਰਲ ਹੋ ਰਹੀ ਹੈ। ਉਸ ਵਿੱਚ ਉਹ ਕਹਿ ਰਿਹਾ ਹੈ ਕਿ ਵੀਡੀਓ ਸੰਦੇਸ਼ ਤੋਂ ਬਾਅਦ ਇਹ ਸੰਸੇ ਪੈਦਾ ਹੋ ਰਹੇ ਸਨ ਕਿ ਮੇਰੇ ਕੋਲੋਂ ਪੁਲਿਸ ਨੇ ਵੀਡੀਓ ਬਣਵਾਈ ਹੈ, ਜਦੋਂ ਕਿ ਅਜਿਹਾ ਨਹੀਂ ਹੈ। ਅੰਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਮੇਰੀ ਆਦਤ ਨਹੀਂ ਹੈ ਕਿ ਮੈਂ ਕੈਮਰੇ ਵੱਲ ਦੇਖ ਕੇ ਵੀਡੀਓ ਬਣਾ ਸਕਾਂ। ਪਰ ਇਹ ਜਰੂਰ ਹੈ ਕਿ ਤਬੀਅਤ ਥੋੜ੍ਹੀ ਜਰੂਰ ਕਮਜੋਰ ਹੋ ਗਈ ਹੈ। ਉਸਨੇ ਕਿਹਾ ਕਿ ਮੈਂ ਸਰਕਾਰ ਕੋਲੋਂ ਕੋਈ ਵੀ ਮੰਗ ਨਹੀ ਰੱਖੀ ਹੈ ਕਿ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੁੱਟਿਆ ਨਾ ਜਾਵੇ। ਇਹ ਕੁੱਝ ਲੋਕ ਬੇਸਿਰ ਪੈਰ ਦੀਆਂ ਗੱਲਾਂ ਕਰ ਰਹੇ ਹਨ।
ਦੁਚਿੱਤੀ 'ਚ ਨਾ ਆਵੇ ਸੰਗਤ : ਜੋ ਕਥਿਤ ਆਵਾਜ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੈਂ ਜਥੇਦਾਰ ਕੋਲੋਂ ਸਰਬੱਤ ਖਾਲਸਾ ਸੱਦਣ ਦੀ ਮੰਗ ਕੀਤੀ ਹੈ। ਮੈਂ ਜੇਲ੍ਹ ਜਾਣ ਤੋਂ ਨਹੀਂ ਘਬਰਾਉਂਦਾ। ਅੰਮ੍ਰਿਤਪਾਲ ਕਹਿ ਰਿਹਾ ਹੈ ਕਿ ਇਹੋ ਜਿਹੇ ਹਾਲਾਤਾਂ ਵਿੱਚ ਕਈ ਵਾਰ ਸਾਰੀਆਂ ਚੀਜਾਂ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਸੰਗਤ ਨੂੰ ਕਿਸੇ ਵੀ ਸਥਿਤੀ ਵਿੱਚ ਦੁਚਿੱਤੀ ਨਹੀਂ ਪੈਦਾ ਕਰਨੀ ਚਾਹੀਦੀ।
ਇਹ ਵੀ ਪੜ੍ਹੋ: Amritpal case: 360 'ਚੋਂ ਪੰਜਾਬ ਪੁਲਿਸ ਨੇ 348 ਨੌਜਵਾਨ ਕੀਤੇ ਰਿਹਾਅ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁਲਿਸ ਨੇ ਦਿੱਤੀ ਸਫ਼ਾਈ
ਜ਼ਿਕਰਯੋਗ ਹੈ ਕਿ ਪੁਲਿਸ ਦੀ ਗ੍ਰਿਫਤ ਤੋਂ ਦੂਰ ਅਤੇ ਭਗੌੜਾ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਲੰਘੇ ਕੱਲ੍ਹ ਵੀਡੀਓ ਸੰਦੇਸ਼ ਵਾਇਰਲ ਹੋਇਆ ਸੀ। ਅੰਮ੍ਰਿਤਪਾਲ ਸਿੰਘ ਵਲੋਂ ਲਾਈਵ ਕੇ ਆਪਣੀ ਗੱਲ ਰੱਖੀ ਗਈ ਸੀ। ਉਸਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਦਾ ਮਸਲਾ ਵੱਡਾ ਨਹੀਂ, ਸਗੋਂ ਸਿੱਖ ਕੌਮ ਉੱਤੇ ਹੋਏ ਹਮਲੇ ਦਾ ਮਾਮਲਾ ਸਭ ਤੋਂ ਜ਼ਿਆਦਾ ਵੱਡਾ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਦਾ ਉਦੇਸ਼ ਸਿਰਫ ਮੈਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਘਰੋਂ ਆ ਕੇ ਗ੍ਰਿਫਤਾਰ ਕਰਦੇ ਪਰ ਜਦੋਂ ਇੰਟਰਨੈੱਟ ਬੰਦ ਹੋ ਗਿਆ ਤਾਂ ਸਿੱਖ ਸੰਗਤ ਨਾਲ ਕੋਈ ਰਾਬਤਾ ਨਹੀਂ ਰੱਖਿਆ ਜਾ ਸਕਿਆ। ਅੰਮ੍ਰਿਤਪਾਲ ਸਿੰਘ ਨੇ ਇਸ ਵੀਡੀਓ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਲੰਘੇ ਕੱਲ੍ਹ ਹੋਈ ਮੀਟਿੰਗ ਦਾ ਉਚੇਚਾ ਜਿਕਰ ਕੀਤਾ ਹੈ।
ਇਹ ਵੀ ਧਿਆਨ ਵਿੱਚ ਰਹੇ ਕਿ ਅੰਮ੍ਰਿਤਪਾਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਦੀ ਸੱਚਾਈ ਅਤੇ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਉੱਠੇ ਸਨ। ਇਸ ਕਥਿਤ ਅੰਮ੍ਰਿਤਪਾਲ ਸਿੰਘ ਦੀ ਆਵਾਜ ਵਾਲੀ ਆਡੀਓ ਵਿੱਚ ਵੀ ਕਈ ਤਰ੍ਹਾਂ ਦੇ ਸਪਸ਼ਟੀਕਰਨ ਦਿੱਤੇ ਜਾ ਰਹੇ ਹਨ। ਹਾਲਾਂਕਿ ਇਹ ਆਡੀਓ ਸਹੀ ਜਾਂ ਗਲਤ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।